ਸ੍ਰੀ ਮੁਕਤਸਰ ਸਾਹਿਬ – ਆਯੁਸ਼ਮਾਨ ਭਾਰਤ ਸਕੀਮ ਇਕ ਸਰਕਾਰੀ ਸਕੀਮ ਹੈ। ਇਸ ਸਕੀਮ ਦੇ ਲਾਗੂ ਕਰਨ ਅਤੇ ਇਸ ਦੀ ਮਸ਼ਹੂਰੀ ਲਈ ਆਈ.ਈ.ਸੀ. ਦੇ ਨਿਯਮ ਲਾਗੂ ਹਨ ਪਰ ਕੁਝ ਪ੍ਰਾਈਵੇਟ ਹਸਪਤਾਲ ਕਿਸ ਤਰਾਂ ਇਨ੍ਹਾਂ ਨਿਯਮਾਂ ਨੂੰ ਟਿਚ ਜਾਣ ਰਹੇ ਹਨ। ਸ੍ਰੀ ਮੁਕਤਸਰ ਸਾਹਿਬ ਦੇ ਸਿਵਲ ਹਸਪਤਾਲ ‘ਚ ਪ੍ਰਾਈਵੇਟ ਹਸਪਤਾਲਾਂ ਦੀ ਮਸ਼ਹੂਰੀ ਸ਼ਰੇਆਮ ਕੀਤੀ ਜਾ ਰਹੀ ਹੈ।
ਇਥੇ ਹੀ ਬਸ ਨਹੀਂ ਹੁੰਦੀ ਇਹ ਪ੍ਰਾਈਵੇਟ ਹਸਪਤਾਲ ਸਰਕਾਰੀ ਸਕੀਮ ਆਯੁਸ਼ਮਾਨ ਦੀ ਮਸ਼ਹੂਰੀ ਵੀ ਨਿਯਮਾਂ ਨੂੰ ਤਾਕ ‘ਤੇ ਰਖ ਕੇ ਕੀਤੀ ਜਾ ਰਹੀ ਹੈ। ਲੋੜਵੰਦਾਂ ਨੂੰ ਸਹੀ ਇਲਾਜ ਮੁਫਤ ਦੇਣ ਲਈ ਚਲ ਰਹੀ ਆਯੁਸ਼ਮਾਨ ਸਕੀਮ ਬੇਸ਼ੱਕ ਸਰਕਾਰੀ ਸਕੀਮ ਹੈ। ਸਟੇਟ ਹੈਲਥ ਏਜੰਸੀ ਅਨੁਸਾਰ ਇਸ ਸਕੀਮ ਦੀ ਮਸ਼ਹੂਰੀ ਨਿਯਮਾਂ ਤਹਿਤ ਇਕ ਵਿਸ਼ੇਸ਼ ਫਾਰਮੇਟ ਦੀ ਹੀ ਵਰਤੋਂ ਕੀਤੀ ਜਾ ਸਕਦੀ ਹੈ । ਜੋ ਹਸਪਤਾਲ ਇਨ੍ਹਾਂ ਨਿਯਮਾਂ ਦੀ ਪਾਲਣਾ ਨਹੀਂ ਕਰਦੇ ਸਟੇਟ ਹੈਲਥ ਏਜੰਸੀ ਵੱਲੋ ਸਮੇਂ-ਸਮੇਂ ‘ਤੇ ਅਜਿਹੇ ਹਸਪਤਾਲਾਂ ਵਿਰੁੱਧ ਕਾਰਵਾਈ ਕੀਤੀ ਜਾਂਦੀ ਰਹੀ ਹੈ। ਪਰ ਹੁਣ ਤਸਵੀਰਾਂ ਸ੍ਰੀ ਮੁਕਤਸਰ ਸਾਹਿਬ ਦੇ ਸਰਕਾਰੀ ਹਸਪਤਾਲ ਦੀਆਂ ਸਾਹਮਣੇ ਆਈਆ ਹਨ। ਹਸਪਤਾਲ ਦੇ ਅੰਦਰ ਜੱਚਾ-ਬੱਚਾ ਵਾਰਡ ‘ਚ ਇਕ ਪ੍ਰਾਈਵੇਟ ਹਸਪਤਾਲ ਨੇ ਜਿੱਥੇ ਆਪਣੀ ਮਸ਼ਹੂਰੀ ਕਰ ਰੱਖੀ ਹੈ ਉੱਥੇ ਹੀ ਸਟੇਟ ਹੈਲਥ ਏਜੰਸੀ ਨੂੰ ਟਿਚ ਸਮਝਦਿਆ ਆਯੁਸ਼ਮਾਨ ਸਕੀਮ ਦੀ ਵੀ ਮਸ਼ਹੂਰੀ ਆਪਣੇ ਇਸ਼ਤਿਹਾਰ ਵਿਚ ਕੀਤੀ ਗਈ ਹੈ ਜੋਂ ਨਿਯਮਾਂ ਦੇ ਵਿਰੁਧ ਹੈ।
ਇਸ ਤੋਂ ਇਲਾਵਾ ਸਰਕਾਰੀ ਹਸਪਤਾਲ ਦੇ ਪਰਚੀ ਕਾਊਂਟਰ ‘ਤੇ ਇਕ ਨਿੱਜੀ ਹਸਪਤਾਲ ਨੇ ਜਿੱਥੇ ਆਪਣੀ ਮਸ਼ਹੂਰੀ ਦੇ ਫਲੈਕਸ ਲਾਏ ਹਨ ਉੱਥੇ ਹੀ ਇਹਨਾਂ ਫਲੈਕਸਾਂ ‘ਤੇ ਨਿਯਮਾਂ ਨੂੰ ਛਿੱਕੇ ‘ਤੇ ਟੰਗਦਿਆਂ ਆਯੁਸ਼ਮਾਨ ਸਕੀਮ ਜੋ ਸਰਕਾਰੀ ਹੈ ਦੀ ਮਸ਼ਹੂਰੀ ਵੀ ਕੀਤੀ ਗਈ। ਪੂਰੇ ਮਾਮਲੇ ਸਬੰਧੀ ਜਦ ਸਿਵਲ ਸਰਜਨ ਡਾ. ਰੰਜੂ ਸਿੰਗਲਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਨਜਰ ‘ਚ ਇਹ ਸਭ ਹੁਣ ਆਇਆ ਹੈ ਅਤੇ ਇਸ ਮਾਮਲੇ ‘ਚ ਬਣਦੀ ਕਾਰਵਾਈ ਕੀਤੀ ਜਾਵੇਗੀ ਅਤੇ ਜਲਦ ਇਹ ਇਸ਼ਤਿਹਾਰ ਵੀ ਹਟਾ ਦਿਤੇ ਜਾਣਗੇ। ਇਸ ਸਬੰਧੀ ਨਿਜੀ ਹਸਪਤਾਲ ‘ਤੇ ਬਣਦੀ ਕਾਰਵਾਈ ਹੁੰਦੀ ਹੈ ਜਾਂ ਨਹੀਂ ਇਹ ਸਮਾਂ ਦੱਸੇਗਾ ਪਰ ਸਰਕਾਰ ਦੀਆਂ ਸਕੀਮਾਂ ਦੀ ਨਿੱਜੀ ਅਦਾਰੇ ਕਿਸ ਤਰਾਂ ਆਪਣੀ ਮਸ਼ਹੂਰੀ ਲਈ ਵਰਤੋ ਕਰਦੇ ਉਸਦੀ ਇਹ ਇਕ ਉਦਾਹਰਣ ਹੈ ਉੱਥੇ ਹੀ ਸਰਕਾਰੀ ਵਿਭਾਗ ਨੂੰ ਸੰਭਾਲਣ ਵਾਲੇ ਅਤੇ ਸਿਹਤ ਸਹੂਲਤਾਂ ਦੇ ਵੱਡੇ ਦਾਅਵੇ ਕਰਨ ਵਾਲੇ ਕਿਵੇ ਅੱਖਾਂ ਮੀਚੀ ਬੈਠੇ ਇਹ ਵੀ ਵੱਡਾ ਸਵਾਲ ਹੈ।