ਪਟਿਆਲਾ : ਜ਼ਿਲ੍ਹੇ ਦੇ ਸਰਕਾਰੀ ਹਸਪਤਾਲਾਂ ‘ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਮੁੜ ਵੱਧਣ ਲੱਗ ਪਈ ਹੈ। ਹਸਪਤਾਲਾਂ ‘ਚ ਮੌਜੂਦਾ ਸਮੇਂ ‘ਚ 131 ਦੇ ਮਰੀਜ਼ ਦਾਖ਼ਲ ਹੋਏ ਹਨ। ਇਸ ਦੇ ਨਾਲ ਹੀ ਸਿਹਤ ਵਿਭਾਗ ਨੂੰ ਪ੍ਰਰਾਪਤ ਹੋਈਆਂ ਰਿਪੋਰਟਾਂ ਅਨੁਸਾਰ ਪੰਜਾਬੀ ਯੂਨੀਵਰਸਿਟੀ ਦੇ ਵਿੱਤ ਅਫ਼ਸਰ ਤੇ ਥਾਪਰ ਕਾਲਜ ਦੇ 31 ਵਿਦਿਆਰਥੀਆਂ ਸਮੇਤ 196 ਕੋਰੋਨਾ ਪਾਜ਼ੇਟਿਵ ਪਾਏ ਗਏ ਹਨ, ਜਦੋਂਕਿ ਤਿੰਨ ਹੋਰ ਮਰੀਜ਼ਾਂ ਦੀ ਮੌਤ ਹੋ ਗਈ ਹੈ। ਕੁੱਲ ਮੌਤਾਂ ਦੀ ਗਿਣਤੀ 542 ਹੋ ਗਈ ਹੈ। ਸਿਹਤ ਵਿਭਾਗ ਨੇ ਚੌਕਸੀ ਵਧਾਉਂਦਿਆਂ ਸੰਪਰਕ ‘ਚ ਆਏ ਵਿਅਕਤੀਆਂ ਦੀ ਕੋਰੋਨਾ ਜਾਂਚ ਵੀ ਆਰੰਭ ਕਰ ਦਿੱਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਸਤਿੰਦਰ ਸਿੰਘ ਨੇ ਕਿਹਾ ਕਿ ਜ਼ਿਲ੍ਹੇ ਵਿਚ ਪ੍ਰਰਾਪਤ 3122 ਦੇ ਕਰੀਬ ਰਿਪੋਰਟਾਂ ਵਿਚੋਂ 196 ਕੋਵਿਡ ਪਾਜ਼ੇਟਿਵ ਪਾਏ ਗਏ ਹਨ, ਜਿਸ ਨਾਲ ਜ਼ਿਲ੍ਹੇ ਵਿਚ ਪਾਜ਼ੇਟਿਵ ਕੇਸਾਂ ਦੀ ਗਿਣਤੀ 18897 ਹੋ ਗਈ ਹੈ। ਤਿੰਨ ਹੋਰ ਕੋਵਿਡ ਪਾਜ਼ੇਟਿਵ ਮਰੀਜ਼ਾਂ ਦੀ ਮੌਤ ਹੋਣ ਕਾਰਨ ਕੁੱਲ ਮੌਤਾਂ ਦੀ ਗਿਣਤੀ 542 ਹੋ ਗਈ ਹੈ, ਜਿਸ ਵਿਚੋਂ ਆਡਿਟ ਦੌਰਾਨ ਪੰਜ ਮੌਤਾਂ ਨਾਨ ਕੋਵਿਡ ਪਾਈਆਂ ਗਈਆਂ ਹਨ।
ਉਨ੍ਹਾਂ ਦੱਸਿਆ ਕਿ ਇਨ੍ਹਾਂ 196 ਕੇਸਾਂ ਵਿਚੋਂ ਪਟਿਆਲਾ ਸ਼ਹਿਰ ਤੋਂ 136, ਨਾਭਾ ਤੋਂ 13, ਸਮਾਣਾ ਤੋਂ 03, ਰਾਜਪੁਰਾ ਤੋਂ 05, ਬਲਾਕ ਭਾਦਸੋ ਤੋਂ 03, ਬਲਾਕ ਕੌਲੀ ਤੋਂ 22, ਬਲਾਕ ਕਾਲੋਮਾਜਰਾ ਤੋਂ 02, ਬਲਾਕ ਸ਼ੁਤਰਾਣਾ ਤੋਂ 04 ਅਤੇ ਬਲਾਕ ਦੁਧਣ ਸਾਂਧਾਂ ਤੋਂ 08 ਕੇਸ ਰਿਪੋਰਟ ਹੋਏ ਹਨ।