ਚੰਡੀਗੜ੍ਹ– ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਵਿਡ-19 ਦੀ ਦੂਜੀ ਲਹਿਰ/ਹੱਲੇ ਨੂੰ ਦੇਖਦੇ ਹੋਏ ਪੰਜਾਬ ’ਚ ਸ਼ਨਿੱਚਰਵਾਰ ਤੋਂ ਵੱਡੇ ਪੱਧਰ ’ਤੇ ਪਾਬੰਦੀਆਂ ਲਾਉਣ ਦੇ ਹੁਕਮ ਕੀਤੇ ਹਨ। ਇਨ੍ਹਾਂ ਹੁਕਮਾਂ ਅਨੁਸਾਰ ਮੁੱਖ ਮੰਤਰੀ ਨੇ ਬਿਨਾਂ ਮਾਸਕ ਤੋਂ ਜਨਤਕ ਖੇਤਰਾਂ ਤੇ ਇਸ ਦੇ ਆਲੇ-ਦੁਆਲੇ ਸੜਕਾਂ ਗਲੀਆਂ ’ਚ ਘੁੰਮਣ ਵਾਲੇ ਲੋਕਾਂ ਨੂੰ ‘ਟੈਸਟਿੰਗ ਲਈ ਨਜ਼ਦੀਕੀ ਆਰਟੀ-ਪੀਸੀਆਰ ਟੈਸਟਿੰਗ ਕੇਂਦਰ ਲਿਜਾਣ ਦੀ ਵੀ ਹਦਾਇਤ ਕੀਤੀ ਹੈ।

ਇਸ ਤੋਂ ਇਲਾਵਾ ਅਜਿਹੇ ਲੋਕਾਂ ਨੂੰ ਜੁਰਮਾਨੇ ਵੀ ਲਾਏ ਜਾਣਗੇ। ਇਨ੍ਹਾਂ ਹੁਕਮਾਂ ਤੋਂ ਬਾਅਦ ਪੰਜਾਬ ਵਿਚ ਸੜਕਾਂ ਉਤੇ ਖਾਸ ਤੌਰ ਉਤੇ ਸਖਤੀ ਵਰਤੀ ਜਾਵੇਗੀ। ਬਿਨਾਂ ਮਾਸਕ ਤੋਂ ਘੁੰਮਣ ਵਾਲਿਆਂ ਉਤੇ ਪੁਲਿਸ ਦੀ ਖਾਸ ਤੌਰ ਉਤੇ ਅੱਖ ਹੋਵੇਗੀ।
ਮੀਟਿੰਗ ਦੌਰਾਨ ਲਏ ਫੈਸਲਿਆਂ ਤਹਿਤ ਮੈਡੀਕਲ ਤੇ ਨਰਸਿੰਗ ਕਾਲਜਾਂ ਨੂੰ ਛੱਡ ਕੇ ਬਾਕੀ ਸਾਰੇ ਵਿਦਿਅਕ ਅਦਾਰੇ 31 ਮਾਰਚ ਤੱਕ ਬੰਦ ਰਹਿਣਗੇ। ਇਸੇ ਤਰ੍ਹਾਂ ਸਿਨੇਮਾ ਹਾਲ ਦੀ ਸਮਰੱਥਾ 50 ਫੀਸਦੀ ਕਰ ਦਿੱਤੀ ਗਈ ਹੈ ਜਦੋਂ ਕਿ ਸ਼ਾਪਿੰਗ ਮਾਲਜ਼ ’ਚ ਕਿਸੇ ਵੀ ਸਮੇਂ ਇੱਕ ਮਾਲ ’ਚ 100 ਤੋਂ ਵੱਧ ਵਿਅਕਤੀ ਨਹੀਂ ਜਾ ਸਕਣਗੇ। ਮੁੱਖ ਮੰਤਰੀ ਨੇ ਪੰਜਾਬ ਦੇ ਲੋਕਾਂ ਨੂੰ ਦੋ ਹਫਤਿਆਂ ਲਈ ਘਰਾਂ ਵਿਚ ਟਿਕਣ ਦੀ ਅਪੀਲ ਕੀਤੀ ਹੈ ਅਤੇ ਘਰਾਂ ਵਿੱਚ 10 ਤੋਂ ਵੱਧ ਮਹਿਮਾਨ ਨਾ ਆਉਣ ਲਈ ਵੀ ਆਖਿਆ ਹੈ।

ਪੰਜਾਬ ਦੇ ਕਰੋਨਾ ਨਾਲ ਸਭ ਤੋਂ ਵੱਧ ਪ੍ਰਭਾਵਿਤ 11 ਜ਼ਿਲ੍ਹਿਆਂ ਵਿਚ ਅੰਤਿਮ ਸਸਕਾਰ/ਵਿਆਹ-ਸ਼ਾਦੀਆਂ ਨੂੰ ਛੱਡ ਕੇ ਹੋਰ ਸਾਰੇ ਸਮਾਜਿਕ ਇਕੱਠਾਂ ’ਤੇ ਮੁਕੰਮਲ ਰੋਕ ਲਾ ਦਿੱਤੀ ਗਈ ਹੈ। ਇਨ੍ਹਾਂ ਜ਼ਿਲ੍ਹਿਆਂ ਵਿਚ ਖੁਸ਼ੀ ਗ਼ਮੀ ਦੇ ਸਮਾਗਮਾਂ ਵਿਚ ਸਿਰਫ਼ 20 ਵਿਅਕਤੀਆਂ ਨੂੰ ਸ਼ਾਮਲ ਹੋਣ ਦੀ ਇਜਾਜ਼ਤ ਹੋਵੇਗੀ। ਇਨ੍ਹਾਂ ਜ਼ਿਲ੍ਹਿਆਂ ’ਚ ਰਾਤਰੀ ਕਰਫਿਊ ਰਾਤ 9 ਤੋਂ ਸਵੇਰੇ 5 ਵਜੇ ਤੱਕ ਰਹੇਗਾ ਅਤੇ ਇਸ ਅਰਸੇ ਦੌਰਾਨ ਹੋਮ ਡਲਿਵਰੀ ਦੀ ਆਗਿਆ ਹੋਵੇਗੀ। ਇਨ੍ਹਾਂ ਜ਼ਿਲ੍ਹਿਆਂ ’ਚ ਐਤਵਾਰ ਨੂੰ ਸਿਨੇਮੇ, ਮਲਟੀਪਲੈਕਸ, ਰੈਸਟੋਰੈਂਟ ਤੇ ਮਾਲਜ਼ ਆਦਿ ਵੀ ਬੰਦ ਰਹਿਣਗੇ।

ਸਨਅਤੀ ਅਤੇ ਜ਼ਰੂਰੀ ਸੇਵਾਵਾਂ ਜਾਰੀ ਰਹਿਣ ਦੇ ਹੁਕਮ ਕੀਤੇ ਗਏ ਹਨ। ਵੱਧ ਪ੍ਰਭਾਵਿਤ 11 ਜ਼ਿਲ੍ਹਿਆਂ ਲੁਧਿਆਣਾ, ਜਲੰਧਰ, ਪਟਿਆਲਾ, ਮੁਹਾਲੀ, ਅੰਮ੍ਰਿਤਸਰ, ਹੁਸ਼ਿਆਰਪੁਰ, ਕਪੂਰਥਲਾ, ਸ਼ਹੀਦ ਭਗਤ ਸਿੰਘ ਨਗਰ, ਫਤਹਿਗੜ੍ਹ ਸਾਹਿਬ, ਰੋਪੜ ਅਤੇ ਮੋਗਾ ਦੇ ਸਰਕਾਰੀ ਦਫ਼ਤਰਾਂ ਵਿਚ ਜ਼ਰੂਰੀ ਵਸਤਾਂ ਨੂੰ ਛੱਡ ਕੇ ਪਬਲਿਕ ਡੀਲਿੰਗ ਰੋਕ ਦਿੱਤੀ ਗਈ ਹੈ। ਰੋਜ਼ਾਨਾ ਦੀਆਂ ਰਜਿਸਟਰੀਆਂ ’ਤੇ ਵੀ ਕੱਟ ਲਾ ਦਿੱਤਾ ਗਿਆ ਹੈ।

Leave a Reply

Your email address will not be published. Required fields are marked *