ਲੁਧਿਆਣਾ – ਸੂਬੇ ਭਰ ’ਚ ਵਧ ਰਹੇ ਕੋਰੋਨਾ ਵਾਇਰਸ ਦੇ ਕੇਸਾਂ ਨੂੰ ਦੇਖਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ 31 ਮਾਰਚ ਤੱਕ ਸਾਰੇ ਵਿੱਦਿਅਕ ਅਦਾਰਿਆਂ ਨੂੰ ਬੰਦ ਰੱਖਣ ਦੇ ਨਾਲ-ਨਾਲ ਸਕੂਲਾਂ ’ਚ ਚੱਲ ਰਹੀਆਂ ਬੋਰਡ ਤੇ ਘਰੇਲੂ ਪ੍ਰੀਖਿਆਵਾਂ ਨੂੰ ਰੱਦ ਕਰਨ ਦੇ ਹੁਕਮ ਜਾਰੀ ਕੀਤੇ ਹਨ ਪਰ ਇਨ੍ਹਾਂ ਹੁਕਮਾਂ ਦੇ ਉਲਟ ਅੱਜ ਪੰਜਾਬ ਭਰ ਦੇ ਸਾਰੇ ਸਰਕਾਰੀ ਸਕੂਲ ਆਮ ਦਿਨਾਂ ਵਾਂਗ ਖੁੱਲ੍ਹੇ ਅਤੇ ਸਾਰਾ ਸਟਾਫ ਵੀ ਸਕੂਲਾਂ ’ਚ ਹਾਜ਼ਰ ਰਿਹਾ। ਹਾਲਾਂਕਿ ਵਿਦਿਆਰਥੀ ਸਕੂਲ ਨਹੀਂ ਆਏ।

ਮੁੱਖ ਮੰਤਰੀ ਦੇ ਹੁਕਮਾਂ ਦੇ ਉਲਟ ਸਕੂਲ ਖੋਲ੍ਹੇ ਜਾਣ ਸਬੰਧੀ ਸਕੂਲ ਮੁੱਖ ਸਕੱਤਰ ਐਜੂਕੇਸ਼ਨ ਦੇ ਹੁਕਮਾਂ ਦਾ ਹਵਾਲਾ ਦੇ ਰਹੇ ਹਨ। ਹਾਲਾਂਕਿ ਵਿਭਾਗ ਵੱਲੋਂ ਸਕੂਲ ਸਟਾਫ ਨੂੰ ਸਕੂਲਾਂ ’ਚ ਹਾਜ਼ਰ ਹੋਣ ਸਬੰਧੀ ਅੱਜ ਸਵੇਰ 11 ਵਜੇ ਤੱਕ ਕੋਈ ਹੁਕਮ ਜਾਰੀ ਨਹੀਂ ਕੀਤਾ ਗਿਆ ਹੈ, ਜਿਸ ਕਾਰਣ ਕਿਤੇ ਨਾ ਕਿਤੇ ਵਿਭਾਗ ਅਤੇ ਸਕੂਲਾਂ ’ਚ ਆਪਸੀ ਤਾਲਮੇਲ ਦੀ ਕਮੀ ਸਾਫ ਝਲਕ ਰਹੀ ਹੈ।

ਉਥੇ ਹੀ ਜਿੱਥੇ ਅੱਜ ਸਾਰੇ ਸਰਕਾਰੀ ਸਕੂਲ ਆਮ ਦਿਨਾਂ ਵਾਂਗ ਖੁੱਲ੍ਹੇ ਰਹੇ ਤਾਂ ਕਈ ਨਿੱਜੀ ਸੀ. ਬੀ. ਐੱਸ. ਈ. ਸਕੂਲਾਂ ’ਚ ਬੋਰਡ ਕਲਾਸਾਂ ਦੀਆਂ ਪ੍ਰੈਕਟੀਕਲ ਪ੍ਰੀਖਿਆਵਾਂ ਵੀ ਲਈਆਂ ਗਈਆਂ। ਯਾਦ ਰਹੇ ਕਿ ਪਿਛਲੇ ਕੁਝ ਦਿਨਾਂ ਦੌਰਾਨ ਇਕੱਲੇ ਲੁਧਿਆਣਾ ’ਚ 100 ਤੋਂ ਜ਼ਿਆਦਾ ਅਧਿਆਪਕ ਕੋਰੋਨਾ ਪਾਜ਼ੇਟਿਕ ਹੋ ਚੁੱਕੇ ਹਨ, ਜਦੋਂਕਿ ਇਕ ਅਧਿਆਪਕਾ ਦੀ ਕੋਰੋਨਾ ਨਾਲ ਮੌਤ ਹੋ ਚੁੱਕੀ ਹੈ। ਅੱਜ ਸਕੂਲ ਖੋਲ੍ਹਣ ਤੋਂ ਬਾਅਦ ਕਿਸੇ ਵੀ ਅਧਿਕਾਰੀ ਵੱਲੋਂ ਇਸ ਦੀ ਜਾਂਚ ਨਹੀਂ ਕੀਤੀ। ਅਜਿਹੇ ’ਚ ਮੁੱਖ ਮੰਤਰੀ ਵੱਲੋਂ ਜਾਰੀ ਹੁਕਮ ਸਿਰਫ ਕਾਗਜ਼ਾਂ ਤੱਕ ਹੀ ਸੀਮਤ ਨਜ਼ਰ ਆ ਰਹੇ ਹਨ।

ਸਕੱਤਰ ਐਜੂਕੇਸ਼ਨ ਦਾ ਮੈਸੇਜ ਹੋਇਆ ਵਾਇਰਲ
ਸਿੱਖਿਆ ਸਕੱਤਰ ਐਜੂਕੇਸ਼ਨ ਕ੍ਰਿਸ਼ਨ ਕੁਮਾਰ ਦੇ ਨਾਲ-ਨਾਲ ਇਕ ਮੈਸੇਜ ਅੱਜ ਅਧਿਆਪਕਾਂ ਦੇ ਵ੍ਹਟਸਐਪ ਗਰੁੱਪ ’ਚ ਜੰਮ ਕੇ ਵਾਇਰਲ ਹੋਇਆ, ਜਿਸ ’ਚ ਕਿਹਾ ਗਿਆ ਹੈ ਕਿ ਸਕੂਲਾਂ ਦੇ ਸਟਾਫ ਨੂੰ ਇਹ ਛੁੱਟੀਆਂ ਨਹੀਂ ਕੀਤੀਆਂ ਗਈਆਂ, ਜਿਸ ਨੂੰ ਆਧਾਰ ਬਣਾ ਕੇ ਸਕੂਲ ਮੁਖੀਆਂ ਵੱਲੋਂ ਸਕੂਲ ਸਟਾਫ ਨੂੰ ਸਕੂਲ ਬੁਲਾਇਆ ਗਿਆ ਹੈ। ਹਾਲਾਂਕਿ ਇਸ ਮੈਸੇਜ ’ਤੇ ਸਕੱਤਰ ਐਜੂਕੇਸ਼ਨ ਕ੍ਰਿਸ਼ਨ ਕੁਮਾਰ ਦਾ ਨਾਂ ਦਿਖਾਈ ਦੇ ਰਿਹਾ ਹੈ ਪਰ ਇਸ ਸਬੰਧੀ ਪੁਸ਼ਟੀ ਨਹੀਂ ਹੋਈ ਕਿ ਇਹ ਉਨ੍ਹਾਂ ਦਾ ਹੀ ਨੰਬਰ ਹੈ।

ਵੱਖ-ਵੱਖ ਸਕੂਲਾਂ ਦੇ ਅਧਿਆਪਕਾਂ ਨੇ ਆਪਣਾ ਨਾਂ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਉਨ੍ਹਾਂ ਦੇ ਸਕੂਲ ਮੁਖੀ ਵੱਲੋਂ ਮੁੱਖ ਮੰਤਰੀ ਦੇ ਹੁਕਮ ਜਾਰੀ ਹੁੰਦੇ ਹੀ ਉਨ੍ਹਾਂ ਨੂੰ ਅੱਜ ਸਕੂਲ ’ਚ ਹਾਜ਼ਰ ਹੋਣ ਲਈ ਕਹਿ ਦਿੱਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਸਕੂਲ ਮੁਖੀਆਂ ਦਾ ਕਹਿਣਾ ਹੈ ਕਿ ਇਨ੍ਹਾਂ ਹੁਕਮਾਂ ’ਚ ਕਿਤੇ ਵੀ ਨਹੀਂ ਲਿਖਿਆ ਗਿਆ ਕਿ ਸਕੂਲ ਸਟਾਫ ਨੇ ਸਕੂਲ ’ਚ ਹਾਜ਼ਰ ਨਹੀਂ ਹੋਣਾ। ਅਧਿਆਪਕਾਂ ਦਾ ਕਹਿਣਾ ਹੈ ਕਿ ਵਿਦਿਆਰਥੀਆਂ ਨੂੰ ਤਾਂ ਪਹਿਲਾਂ ਹੀ ਸਿੱਖਿਆ ਵਿਭਾਗ ਵੱਲੋਂ ਪ੍ਰੇਪਰਟਰੀ ਲੀਵਸ ਐਲਾਨੀਆਂ ਗਈਆਂ ਹਨ ਤਾਂ ਜੇਕਰ ਸਕੂਲ ਸਟਾਫ ਨੇ ਸਕੂਲ ਆਉਣਾ ਹੈ ਤਾਂ ਸਕੂਲ ਬੰਦ ਕਰਨ ਦੇ ਹੁਕਮ ਬੇਅਰਥ ਹਨ। ਜਦੋਂਕਿ ਪੰਜਾਬ ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਕੋਰੋਨਾ ਦਾ ਫੈਲਾਅ ਸਕੂਲਾਂ ਤੋਂ ਹੋਇਆ ਹੈ।

Leave a Reply

Your email address will not be published. Required fields are marked *