ਕੋਤੁਲਪੁਰ : ਪੱਛਮੀ ਬੰਗਾਲ ‘ਚ ਵਿਧਾਨ ਸਭਾ ਚੋਣਾਂ ਦਾ ਮੈਦਾਨ ਪੂਰੀ ਤਰ੍ਹਾਂ ਭਖਿਆ ਹੋਇਆ ਹੈ। ਹਰੇਕ ਪਾਰਟੀ ਸੂਬੇ ‘ਚ ਤਾਬੜਤੋੜ ਚੋਣ ਰੈਲੀਆਂ ਕਰ ਰਹੀ ਹੈ। ਇਸੇ ਤਹਿਤ ਪੱਛਮ ਬੰਗਾਲ ਦੀ ਮੁੱਖ ਮੰਤਰੀ ਅਤੇ ਟੀਐਮਸੀ ਮੁਖੀ ਮਮਤਾ ਬੈਨਰਜੀ ਨੇ ਸੋਮਵਾਰ ਨੂੰ ਬਾਂਕੁੜਾ ਜ਼ਿਲ੍ਹੇ ‘ਚ ਇਕ ਰੈਲੀ ਨੂੰ ਸੰਬੋਧਨ ਕੀਤਾ। ਉਨ੍ਹਾਂ ਭਾਜਪਾ ‘ਤੇ ਦੋਸ਼ ਲਗਾਇਆ ਕਿ ਉਹ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੂਬੇ ‘ਚ ਮੁਫ਼ਤ ਰਾਸ਼ਨ ਦੀ ਸਪਲਾਈ ਦਾ ਝੂਠਾ ਵਾਅਦਾ ਕਰ ਰਹੀ ਹੈ, ਜਿਸ ਨੂੰ ਉਹ ਕਦੇ ਪੂਰਾ ਨਹੀਂ ਕਰੇਗੀ।
ਮਮਤਾ ਨੇ ਭਾਜਪਾ ਨੂੰ ‘ਬਾਹਰੀ ਲੋਕਾਂ ਦੀ ਪਾਰਟੀ’ ਦੱਸਿਆ ਅਤੇ ਦੋਸ਼ ਲਗਾਇਆ ਕਿ ਉਹ ਅੱਤਵਾਦ ਪੈਦਾ ਕਰਨ ਲਈ ਸੂਬੇ ‘ਚ ਗੁੰਡਿਆਂ ਨੂੰ ਲਿਆ ਰਹੀ ਹੈ। ਉਨ੍ਹਾਂ ਕਿਹਾ, “ਭਾਜਪਾ ਨੇ ਮੁਫ਼ਤ ਰਾਸ਼ਨ ਦੇਣ ਦਾ ਝੂਠਾ ਵਾਅਦਾ ਕੀਤਾ ਹੈ, ਜੋ ਉਹ ਕਦੇ ਪੂਰਾ ਨਹੀਂ ਕਰਨ ਵਾਲੀ। ਭਾਜਪਾ ਦੇ ਗੁੰਡੇ ਤੁਹਾਡੇ ਘਰ ਆ ਕੇ ਆਪਣੀ ਪਾਰਟੀ ਲਈ ਵੋਟ ਮੰਗਣਗੇ। ਇਹ ਲੋਕ ਜੇਕਰ ਤੁਹਾਨੂੰ ਧਮਕਾਉਂਦੇ ਹਨ ਤਾਂ ਉਨ੍ਹਾਂ ਨੇ ਦੌੜਾਉਣ ਲਈ ਆਪਣੇ ਘਰਾਂ ਦੇ ਭਾਂਡੇ ਹੱਥਾਂ ‘ਚ ਲੈ ਕੇ ਤਿਆਰ ਰਹੋ।”
ਮਮਤਾ ਨੇ ਦੋਸ਼ ਲਗਾਇਆ ਕਿ ਭਾਜਪਾ ਔਰਤਾਂ ਲਈ ਆਦੇਸ਼ ਜਾਰੀ ਕਰ ਰਹੀ ਹੈ ਕਿ ਉਨ੍ਹਾਂ ਨੂੰ ਕੀ ਪਹਿਨਣਾ ਚਾਹੀਦਾ, ਕੀ ਖਾਣਾ ਚਾਹੀਦਾ। ਉਨ੍ਹਾਂ ਕਿਹਾ, “ਉਹ ਤੁਹਾਨੂੰ ਇਹ ਸੋਚਣ ‘ਤੇ ਮਜ਼ਬੂਤ ਕਰਨਗੇ ਕਿ ਨਰਿੰਦਰ ਮੋਦੀ ਬੀ.ਆਰ. ਅੰਬੇਡਕਰ ਤੋਂ ਵੱਡੇ ਹਨ। ਤੁਸੀਂ ਦੇਖਿਆ ਕਿਵੇਂ ਗੁਜਰਾਤ ‘ਚ ਇਕ ਕ੍ਰਿਕੇਟ ਸਟੇਡੀਅਮ ਦਾ ਨਾਮ ਮੋਦੀ ਦੇ ਨਾਂ ‘ਤੇ ਰੱਖ ਦਿੱਤਾ ਗਿਆ? ਇਕ ਦਿਨ ਉਹ ਦੇਸ਼ ਦਾ ਵੀ ਨਾਂ ਬਦਲ ਕੇ ਰੱਖ ਦੇਣਗੇ, ਉਹ ਜਨਤਕ ਸਰੋਤਾਂ ਨੂੰ ਨਿੱਜੀ ਹੱਥਾਂ ‘ਚ ਦੇ ਰਹੇ ਹਨ।”
ਉਨ੍ਹਾਂ ਨੇ ਦੋਸ਼ ਲਗਾਇਆ ਕਿ ਕਾਂਗਰਸ ਅਤੇ ਖੱਬੇ ਪੱਖੀ ਦਲਾਂ ਦੀ ਭਾਜਪਾ ਨਾਲ ਮਿਲੀਭਗਤ ਹੈ। ਉਨ੍ਹਾਂ ਕਿਹਾ, “ਜਦੋਂ ਮੈਂ ਵਿਰੋਧੀ ਧਿਰ ‘ਚ ਸੀ ਤਾਂ ਮਾਕਪਾ ਦੇ ਗੁੰਡਿਆਂ ਨੇ ਕੋਤੁਲਪੁਰ, ਚੋਮਕੌਤਾਲਾ, ਜੈਰਾਮਬਾਤੀ ਇਲਾਕਿਆਂ ‘ਚ ਅੱਤਵਾਦ ਫੈਲਾਇਆ। ਉਨ੍ਹਾਂ ਨੇ ਮੇਰੇ ‘ਤੇ ਹਮਲਾ ਕੀਤਾ ਅਤੇ ਹੁਣ ਉਹ ਭਾਜਪਾ ਨਾਲ ਹਨ।”

Leave a Reply

Your email address will not be published. Required fields are marked *