ਰਾਮਪੁਰਾ ਫੂਲ, (ਜਸਵੀਰ ਔਲਖ)-ਸ਼ਹਿਰ ਰਾਮਪੁਰਾ ਦੇ ਐਨ ਵਿਚਕਾਰ ਲੰਘਦੀ ਰੇਲਵੇ ਲਾਈਨ ‘ਤੇ ਪੈਂਦੇ ਰੇਲਵੇ ਫਾਟਕਾਂ ਉਪਰ ਓਵਰਬਰਿੱਜ ਬਣਾਏ ਜਾਣ ਦਾ ਰਾਹ ਪੱਧਰਾ ਹੋ ਗਿਆ ਹੈ | ਦੱਸਣਾ ਬਣਦਾ ਹੈ ਕਿ ਪੰਜਾਬ ਦੇ ਰਾਜਪਾਲ ਵਲੋਂ ਚਾਲੂ ਵਿੱਤੀ ਸਾਲ ਦੌਰਾਨ ਰਾਜਪੁਰਾ-ਬਠਿੰਡਾ ਰੇਲਵੇ ਸੈਕਸਨ ਦੀ ਕਰਾਸਿੰਗ ‘ਤੇ ਪੈਂਦੇ ਪੁਲ ਲਈ 63.55 ਕਰੋੜ ਰੁਪਏ ਦੀ ਪ੍ਰਸ਼ਾਸਕੀ ਪ੍ਰਵਾਨਗੀ ਦੇ ਦਿੱਤੀ ਹੈ | ਇਹ ਕਿ ਲੋਕ ਨਿਰਮਾਨ ਭਵਨ ਤੇ ਮਾਰਗ ਵਿਭਾਗ ਵਲੋਂ ਪੁਲ ਦੀ ਉਸਾਰੀ ਲਈ ਟੈਂਡਰ ਵੀ ਮੰਗ ਲਏ ਗਏ ਹਨ | ਜ਼ਿਕਰਯੋਗ ਹੈ ਕਿ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਚੋਣਾਂ ਵੇਲੇ ਵਾਅਦਾ ਕੀਤਾ ਗਿਆ ਸੀ ਕਿ ਰਾਮਪੁਰਾ ਫੂਲ ਨੂੰ 2 ਭਾਗਾਂ ਵਿਚ ਵੰਡਦੀ ਰੇਲਵੇ ਲਾਇਨ ਦੇ ਫਾਟਕ ਉਪਰ ਰੇਲਵੇ ਓਵਰਬਰਿੱਜ ਬਣਾ ਕੇ ਲੋਕਾਂ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਨੂੰ ਪੂਰਾ ਕੀਤਾ ਜਾਵੇਗਾ | ਇਹ ਵੀ ਕਿ ਰੇਲਵੇ ਓਵਰਬਰਿੱਜ ਦਾ ਕੰਮ ਪਿਛਲੇ ਕਾਫੀ ਸਮੇਂ ਤੋਂ ਲਟਕਿਆ ਹੋਇਆ ਸੀ ਤੇ ਹੁਣ ਵਿਭਾਗ ਵਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਪੁਲ ਦੀ ਉਸਾਰੀ ਨੂੰ 1 ਸਾਲ ਦੇ ਸਮੇਂ ਦੇ ਅੰਦਰ ਅੰਦਰ ਨੇਪਰੇ ਚਾੜਿ੍ਹਆ ਜਾਵੇਗਾ | ਜ਼ਿਕਰਯੋਗ ਹੈ ਕਿ ਪੁਲ ਨਾ ਹੋਣ ਕਾਰਨ ਖੇਤਰ ਦੇ ਲੋਕਾਂ ਨੂੰ ਭਾਰੀ ਦਿੱਕਤਾਂ ਵਿਚੋਂ ਗੁਜਰਨਾਂ ਪੈ ਰਿਹਾ ਹੈ | ਦੱਸਣਾ ਬਣਦਾ ਹੈ ਕਿ ਰਾਮਪੁਰਾ ਫੂਲ ਸਹਿਰ ਦੋ ਭਾਗਾਂ ਨਾਭਾ ਮੰਡੀ ਅਤੇ ਪਟਿਆਲਾ ਮੰਡੀ ਵਿਚ ਵੰਡਿਆ ਹੋਇਆ ਹੈ | ਸਹਿਰ ਦੇ ਵਿਚਕਾਰ ਦੀ ਰੇਲਵੇ ਲਾਈਨ ਗੁਜਰਦੀ ਹੈ | ਜਿਸ ਕਾਰਨ ਸਹਿਰੀਆਂ ਨੂੰ ਇਕ ਦੂਜੇ ਪਾਸੇ ਜਾਣ ਵਿਚ ਭਾਰੀ ਦਿੱਕਤਾਂ ਆਉਂਦੀਆਂ ਹਨ | ਰੇਲਵੇ ਲਾਈਨ ਤੇ ਗੰਗਾਨਗਰ-ਅੰਬਾਲਾ-ਦਿੱਲੀ ਸਵਾਰੀ ਗੱਡੀਆਂ ਸਮੇਤ 40 ਦੇ ਕਰੀਬ ਰੇਲ ਗੱਡੀਆਂ ਦਾ ਆਉਣਾ ਜਾਣਾ ਬਣਿਆ ਰਹਿੰਦਾ ਹੈ | ਜਿਸ ਕਾਰਨ ਸਹਿਰ ਦਾ ਅੰਦਰੂਨੀ ਫਾਟਕ ਘੰਟਿਆਂ ਬੱਧੀ ਬੰਦ ਰਹਿੰਦਾ ਹੈ | ਬੰਦ ਫਾਟਕਾਂ ਅਤੇ ਰੇਲਵੇ ਲਾਈਨਾਂ ਦੀ ਕਰਾਸਿੰਗ ਕਾਰਨ ਬਜ਼ੁਰਗਾਂ ਨੂੰ ਕਾਫੀ ਕਠਿਨਾਈਆਂ ਦਾ ਸਾਹਮਣਾ ਕਰਨਾ ਪੈਂਦਾ ਹੈ | ਇਸ ਰੇਲਵੇ ਰੂਟ ਤੇ ਏਸ਼ੀਆ ਦੀ ਵੱਡੀ ਛਾਉਣੀ, ਲਹਿਰਾ ਥਰਮਲ ਪਲਾਂਟ, ਕੇਂਦਰੀ ਖਾਦ ਕਾਰਖਾਨਾ ਅਤੇ ਤੇਲ ਦੇ ਭੰਡਾਰਾਂ ਦੇ ਡਿਪੂ ਹੋਣ ਕਾਰਨ ਸਾਰਾ ਦਿਨ ਗੱਡੀਆਂ ਦੇ ਗੁਜ਼ਰਨ ਕਾਰਨ ਕਈ ਵਾਰ ਨਾਭਾ ਮੰਡੀ ਦੇ ਲੋਕ ਸਟੇਸ਼ਨ ਤੋਂ ਟਿਕਟ ਲੈ ਕੇ ਗੱਡੀ ਚੜ੍ਹਨ ਵਿਚ ਵੀ ਨਾਕਾਮ ਰਹਿ ਜਾਂਦੇ ਹਨ, ਕਿਉਜੋਂ ਨਾਭਾ ਮੰਡੀ ਵਾਲੇ ਪਾਸੇ ਰੇਲਵੇ ਵਲੋਂ ਮਾਲ ਦੀ ਢੋਆ-ਢੁਆਈ ਲਈ ਪਲੇਟਫਾਰਮ ਬਣਾਇਆ ਹੋਇਆ ਹੈ | ਦੂਜਾ ਪਾਸਾ ਨੀਵਾਂ ਹੋਣ ਕਾਰਨ ਨਾਭਾ ਮੰਡੀ ਵਾਲੇ ਲੋਕਾਂ ਨੂੰ ਸਟੇਸ਼ਨ ‘ਤੇ ਜਾਣ ਦੀ ਡਾਹਢੀ ਸਮੱਸਿਆ ਆਉਂਦੀ ਰਹੀ ਹੈ | ਫਾਟਕਾਂ ਤੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਜਾਂਦੀਆ ਹਨ | ਇਕ ਦੂਜੇ ਤੋਂ ਅੱਗੇ ਨਿਕਲਣ ਦੀ ਹੋੜ ਵਿਚ ਐਕਸੀਡੈਂਟ ਹੋਣ ਦੇ ਨਾਲ-ਨਾਲ ਲੜਾਈ ਝਗੜੇ ਅਕਸਰ ਹੁੰਦੇ ਹਨ | ਰਾਮਪੁਰਾ ਫੂਲ ਦੇ ਸ਼ਹਿਰੀਆਂ ਵਲੋਂ ਲੰਬੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਸੀ, ਕਿ ਰੇਲਵੇ ਫਾਟਕਾਂ ਉੱਪਰ ਓਵਰਬਰਿੱਜ ਜਾਂ ਜਮੀਨਦੋਜ਼ ਪੁਲ ਨੂੰ ਬਣਾਉਣ ਲਈ ਸੂਬਾ ਅਤੇ ਕੇਂਦਰ ਸਰਕਾਰ ਲੋੜੀਂਦੀ ਕਾਰਵਾਈ ਕਰੇ | ਜਾਣਕਾਰੀ ਅਨੁਸਾਰ ਲੋਕ ਨਿਰਮਾਣ ਭਵਨ ਤੇ ਮਾਰਗ ਵਿਭਾਗ ਵਲੋਂ ਟੈਂਡਰ ਅਤੇ ਪੁਲ ਦੀ ਉਸਾਰੀ ਸਬੰਧੀ ਸ਼ਰਤਾਂ ਵਿਭਾਗ ਦੀ ਵੈੱਬਸਾਈਟ ਤੇ 1 ਅਪ੍ਰੈਲ ਤੋਂ 28 ਅਪ੍ਰੈਲ ਤੱਕ ਵੇਖੀਆਂ ਜਾ ਸਕਣਗੀਆਂ | ਕਾਂਗਰਸ ਦੇ ਸਹਿਰੀ ਪ੍ਰਧਾਨ ਸੁਨੀਲ ਬਿੱਟਾ, ਮਾਰਕੀਟ ਕਮੇਟੀ ਦੇ ਚੇਅਰਮੈਨ ਸੰਜੀਵ ਟੀਨਾ, ਕਰਮਜੀਤ ਸਿੰਘ ਖਾਲਸਾ, ਭੋਲਾ ਸ਼ਰਮਾ, ਸੁਰਜੀਤ ਸਿੰਘ, ਸੁਖਦੇਵ ਸਿੰਘ ਅਤੇ ਵਪਾਰ ਮੰਡਲ ਦੇ ਪ੍ਰਧਾਨ ਰਾਮੇਸ ਮੱਕੜ, ਟਰੱਕ ਯੂਨੀਅਨ ਦੇ ਪ੍ਰਧਾਨ ਭੂਰਾ ਸਿੰਘ ਬੁਰਜ ਗਿੱਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮਾਲ ਮੰਤਰੀ ਕਾਂਗੜ ਵਲੋਂ ਲੋਕਾਂ ਨਾਲ ਕੀਤੇ ਗਏ ਵਾਅਦੇ ਨੂੰ ਪੂਰਾ ਕੀਤਾ ਗਿਆ ਹੈ |

Leave a Reply

Your email address will not be published. Required fields are marked *