ਰਾਮਪੁਰਾ ਫੂਲ (ਜਸਵੀਰ ਔਲਖ):- ਸੂਬਾ ਸਰਕਾਰ ਵਲੋਂ ਕੋਰੋਨਾ ਦੇ ਚੱਲਦਿਆਂ ਇਕ ਵਾਰ ਫਿਰ ਤੋਂ ਸਕੂਲ, ਕਾਲਜ ਬੰਦ ਦੇ ਫ਼ੈਸਲੇ ਖ਼ਿਲਾਫ਼ ਅੱਜ ਦੂਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਕਰਾੜਵਾਲਾ ਨਾਲ ਸਬੰਧਿਤ ਵੈਨਾਂ ਦੇ ਮਾਲਕਾਂ, ਡਰਾਈਵਰਾਂ, ਕੰਡਕਟਰਾਂ ਅਤੇ ਦਰਜਾ ਚਾਰ ਕਰਮਚਾਰੀਆਂ ਵਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਲਾਕਡਾਊਨ ਅੱਗੇ ਨਾ ਵਧਾਉਣ ਸਬੰਧੀ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਇਕ ਮੰਗ ਪੱਤਰ ਵੀ ਸੌਂਪਿਆ ਗਿਆ | ਇਸ ਮੌਕੇ ਉਨ੍ਹਾਂ ਕਿਹਾ ਕਿ ਪਿਛਲੇ ਸਾਲ ਲਾਕਡਾਊਨ ਨਾਲ ਜਿੱਥੇ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਹੋਣ ਦੇ ਨਾਲ-ਨਾਲ ਫ਼ੀਸਾਂ ਦੇ ਮੁੱਦੇ ਨੂੰ ਲੈ ਕੇ ਮਾਪਿਆਂ ਤੇ ਸਕੂਲਾਂ ਵਿਚਕਾਰ ਸਬੰਧ ਸੁਖਾਵੇਂ ਨਹੀਂ ਰਹੇ ਸਨ ਉੱਥੇ ਹੀ ਸਕੂਲਾਂ ਨਾਲ ਸਬੰਧਿਤ ਕਰਮਚਾਰੀਆਂ ਨੂੰ ਆਪਣੀਆਂ ਨੌਕਰੀਆਂ ਤੋਂ ਹੱਥ ਧੋਣੇ ਪਏ ਸਨ ਪਰ ਹੁਣ ਸਕੂਲ ਖੁੱਲ੍ਹਣ ਨਾਲ ਸਾਰਾ ਮਾਹੌਲ ਠੀਕ ਹੋ ਗਿਆ ਸੀ ਪਰ ਸੂਬਾ ਸਰਕਾਰ ਨੇ ਫਿਰ 31 ਮਾਰਚ ਤੱਕ ਸਕੂਲ ਬੰਦ ਕੀਤੇ ਗਏ ਹਨ | ਜਿਸ ਨਾਲ ਹੀ ਇਕ ਵਾਰ ਫਿਰ ਤੋਂ ਉਨ੍ਹਾਂ ਦਾ ਸਾਰਾ ਕੰਮਕਾਜ ਬੰਦ ਹੋ ਗਿਆ ਹੈ ਤੇ ਆਰਥਿਕ ਨੁਕਸਾਨ ਹੋ ਰਿਹਾ ਹੈ | ਉਨ੍ਹਾਂ ਕਿਹਾ ਕਿ ਇਸ ਸਾਰੇ ਬਾਜ਼ਾਰ, ਸ਼ਾਪਿੰਗ ਮਾਲ ਖੁੱਲ੍ਹੇ ਹਨ ਤੇ ਟਰਾਂਸਪੋਰਟ ਚੱਲ ਰਹੀ ਹੈ ਪਰ ਸਕੂਲ ਬੰਦ ਹਨ, ਜਿਸ ਦਾ ਉਹ ਵਿਰੋਧ ਕਰਦੇ ਹਨ |
ਪ੍ਰਦਰਸ਼ਨਕਾਰੀਆਂ ਨੇ ਮੰਗ ਪੱਤਰ ਰਾਹੀਂ ਸਰਕਾਰ ਨੂੰ ਅਪੀਲ ਕੀਤੀ ਕਿ ਇਸ ਲਾਕਡਾਊਨ ਵਿਚ ਹੁਣ ਹੋਰ ਵਾਧਾ ਨਾ ਕੀਤਾ ਜਾਵੇ ਤੇ ਜਲਦ ਤੋਂ ਜਲਦ ਸਕੂਲ ਦੁਬਾਰਾ ਖੋਲ੍ਹੇ ਜਾਣ | ਕਿਉਂਕਿ ਲਾਕਡਾਊਨ ਕੋਰੋਨਾ ਦਾ ਹੱਲ ਨਹੀਂ ਹੈ | ਉਨ੍ਹਾਂ ਕਿਹਾ ਕਿ ਸਕੂਲਾਂ ਅੰਦਰ ਪਹਿਲਾਂ ਵੀ ਕੋਰੋਨਾ ਸਬੰਧੀ ਨਿਯਮਾਂ ਦੀ ਪਾਲਣਾ ਕੀਤੀ ਜਾਂਦੀ ਸੀ ਤੇ ਅੱਗੇ ਵੀ ਪਾਲਣਾ ਕੀਤੀ ਜਾਵੇਗੀ | ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਇਕ ਅਪ੍ਰਰੈਲ ਤੋਂ ਤੇਜ਼ ਸੰਘਰਸ਼ ਵਿੱਿਢਆ ਜਾਵੇਗਾ।