ਰਾਮਪੁਰਾ ਫੂਲ਼ (ਜਸਵੀਰ ਔਲਖ)- ਕਿਸਾਨਾਂ ਵੱਲੋਂ 26 ਮਾਰਚ ਦੇ ਭਾਰਤ ਬੰਦ ਦੇ ਸੱਦੇ ਉਤੇ ਰਾਮਪੁਰਾ ਫੂਲ ਦੀਆਂ ਸੜਕਾਂ-ਬਜਾਰਾਂ ਤੇ ਪੂਰੀ ਤਰ੍ਹਾਂ ਸੰਨਾਟਾ ਪਸਰਿਆ ਰਿਹਾ। ਰਾਮਪੁਰਾ ਹਲਕੇ ਤੋਂ ਕਿਸਾਨ ਜਥੇਬੰਦੀਆਂ ਦੇ ਸਥਾਨਕ ਆਗੂਆਂ ਵੱਲੋਂ ਮੌੜ ਚੌਕ ਵਿਖੇ ਧਰਨਾ ਦਿੱਤਾ ਗਿਆ। ਧਰਨੇ ਦੌਰਾਨ ਬੁਲਾਰਿਆਂ ਨੇ ਕਿਹਾ ਕਿ ਸਰਕਾਰ ਦੇ ਅੜੀਅਲ ਰਵੱਈਏ ਕਾਰਨ ਦੇਸ਼ ਦਾ ਅੰਨਦਾਤਾ ਅੱਜ ਸੜਕਾਂ ਉਤੇ ਖੱਜਲ-ਖੁਆਰ ਹੋ ਰਿਹਾ ਹੈ।


ਉਨ੍ਹਾਂ ਕਿਹਾ ਕਿ ਖੇਤੀ ਨਾਲ ਸੰਬੰਧਤ ਤਿੰਨੇ ਕਾਨੂੰਨ ਸਿਰਫ਼ ਕਿਸਾਨਾਂ ਵਾਸਤੇ ਹੀ ਘਾਤਕ ਨਹੀਂ ਬਲਕਿ ਹਰ ਵਰਗ ਲਈ ਇਹ ਕਾਨੂੰਨ ਨੁਕਸਾਨਦੇਹ ਹਨ। ਇਸ ਵਾਸਤੇ ਦੇਸ਼ ਦੇ ਹਿੱਤ ਲਈ ਸਰਕਾਰ ਨੂੰ ਇਹ ਕਾਨੂੰਨ ਵਾਪਿਸ ਲੈਣੇ ਚਾਹੀਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਜੇ ਸਰਕਾਰ ਇਹ ਸਮਝਦੀ ਹੈ ਕਿ ਕਿਸਾਨ ਅੱਕ-ਥੱਕਕੇ ਘਰਾਂ ਨੂੰ ਵਾਪਿਸ ਤੁਰ ਜਾਂਣਗੇ ਤਾਂ ਇਹ ਉਨ੍ਹਾਂ ਦੀ ਨਾ-ਸਮਝੀ ਹੈ। ਕਿਸਾਨ ਜਥੇਬੰਦੀਆਂ ਹਰ ਹਾਲਤ ਵਿਚ ਇਹ ਤਿੰਨੇ ਕਾਲੇ ਕਾਨੂੰਨ ਵਾਪਸ ਕਰਵਾਏ ਬਗੈਰ ਨਾਂ ਤਾਂ ਘਰਾਂ ਨੂੰ ਮੁੜਨਗੇ ਅਤੇ ਨਾ ਹੀ ਸ਼ਾਂਤ ਬੈਠਣਗੇ। ਕਿਸਾਨਾਂ ਦੇ ਭਾਰਤ ਬੰਦ ਦੇ ਸੱਦੇ ਉਤੇ ਮੁਕੰਮਲ ਬੰਦ ਨੇ ਸਰਕਾਰ ਨੂੰ ਇਹ ਸੁਨੇਹਾ ਦਿੱਤਾ ਹੈ ਕਿ ਇਕੱਲੇ ਕਿਸਾਨ ਹੀ ਨਹੀਂ ਬਲਕਿ ਦੇਸ਼ ਦਾ ਹਰ ਵਰਗ ਉਨ੍ਹਾਂ ਦੇ ਇਸ ਅੰਦੋਲਨ ਵਿਚ ਸ਼ਾਮਲ ਹੈ।


ਇਕੱਤਰ ਜਥੇਬੰਦੀਆਂ ਦੇ ਸਮੂਹ ਆਗੂਆਂ ਅਤੇ ਵਰਕਰਾਂ ਨੇ ਇਕ ਸੁਰ ਵਿਚ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ਆਪਣਾ ਰਾਜ ਹਠ ਛੱਡਕੇ ਤਿੰਨੋਂ ਕਾਨੂੰਨ ਵਾਪਿਸ ਲੈਣ ਦੀ ਘੋਸ਼ਣਾ ਕਰਕੇ ਦੇਸ਼ ਦੇ ਬਿਹਤਰ ਭਵਿੱਖ ਵਿਚ ਆਪਣਾ ਯੋਗਦਾਨ ਪਾਵੇ ਅਤੇ ਦੇਸ਼ ਦੇ ਨਮਕ ਦਾ ਹੱਕ ਅਦਾ ਕਰੇ।

Leave a Reply

Your email address will not be published. Required fields are marked *