ਨਵੀਂ ਦਿੱਲੀ– ਦੇਸ਼ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦੀ ਸ਼ੁੱਕਰਵਾਰ ਸਵੇਰੇ ਅਚਾਨਕ ਸਿਹਤ ਵਿਗੜ ਗਈ ਜਿਸ ਤੋਂ ਬਾਅਦ ਉਨ੍ਹਾਂ ਨੂੰ ਦਿੱਲੀ ਦੇ ਆਰਮੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ। ਆਰਮੀ ਹਸਪਤਾਲ ਵਲੋਂ ਜਾਰੀ ਬਿਆਨ ਮੁਤਾਬਕ, ਰਾਸ਼ਟਰਪਤੀ ਦੀ ਹਾਲਤ ਹੁਣ ਸਥਿਰ ਹੈ ਅਤੇ ਉਨ੍ਹਾਂ ਦਾ ਰੂਟੀਨ ਚੈਕਅਪ ਕੀਤਾ ਗਿਆ ਹੈ। ਹਾਲਾਂਕਿ, ਫਿਲਹਾਲ ਉਨ੍ਹਾਂ ਨੂੰ ਹਸਪਤਾਲ ਦੀ ਨਿਗਰਾਨੀ ’ਚ ਰੱਖਿਆ ਗਿਆ ਹੈ।
ਹਸਪਤਾਲ ਨੇ ਜਾਰੀ ਕੀਤਾ ਮੈਡੀਕਲ ਬੁਲੇਟਿਨ
ਆਰਮੀ ਹਸਪਤਾਲ ਨੇ ਮੈਡੀਕਲ ਬੁਲੇਟਿਨ ਜਾਰੀ ਕਰਕੇ ਕਿਹਾ ਕਿ ਭਾਰਤ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੂੰ ਅੱਜ ਸਵੇਰੇ ਛਾਤੀ ’ਚ ਦਰਦ ਹੋਣ ਤੋਂ ਬਾਅਦ ਨਵੀਂ ਦਿੱਲੀ ’ਚ ਆਰਮੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ। ਉਨ੍ਹਾਂ ਦੀ ਰੂਟੀਨ ਜਾਂਚ ਕੀਤੀ ਗਈ ਅਤੇ ਉਨ੍ਹਾਂ ਦੀ ਹਾਲਤ ਸਥਿਰ ਹੈ। ਹਸਪਤਾਲ ਨੇ ਦੱਸਿਆ ਕਿ ਰਾਸ਼ਟਰਪਤੀ ਦਾ ਰੂਟੀਨ ਚੈਕਅਪ ਕੀਤਾ ਗਿਆ ਅਤੇ ਉਹ ਹਸਪਤਾਲ ਦੀ ਨਿਗਰਾਨੀ ’ਚ ਹਨ।
3 ਮਾਰਚ ਨੂੰ ਲਗਵਾਈ ਗਈ ਸੀ ਕੋਰੋਨਾ ਵੈਕਸੀਨ
ਦੱਸ ਦੇਈਏ ਕਿ ਰਾਸ਼ਟਰਪਤੀ ਰਾਮ ਨਾਥ ਕੋਵਿੰਡ ਨੇ ਆਰਮੀ ਹਸਪਤਾਲ ’ਚ ਹੀ 3 ਮਾਰਚ ਨੂੰ ਕੋਰੋਨਾ ਵੈਕਸੀਨ ਦੀ ਪਹਿਲੀ ਖੁਰਾਕ ਦਾ ਟੀਕਾ ਲਗਵਾਇਆ ਸੀ। ਰਾਸ਼ਟਰਪਤੀ ਆਪਣੀ ਬੇਟੀ ਨਾਲ ਆਰਮੀ ਹਸਪਤਾਲ ਪਹੁੰਚੇ ਸਨ ਅਤੇ ਉਥੇ ਉਨ੍ਹਾਂ ਨੇ ਵੈਕਸੀਨ ਲਗਵਾਈ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਦੇਸ਼ ’ਚ ਸਫਲਤਾਪੂਰਨ ਟੀਕਾਕਰਨ ਮੁਹਿੰਮ ਚਲਾਉਣ ਲਈ ਡਾਕਟਰਾਂ, ਨਰਸਾਂ ਅਤੇ ਹੈਲਥ ਵਰਕਰਾਂ ਦਾ ਧੰਨਵਾਦ ਕੀਤਾ ਅਤੇ ਲੋਕਾਂ ਨੂੰ ਵੈਕਸੀਨ ਲਗਵਾਉਣ ਦੀ ਅਪੀਲ ਕੀਤੀ ਸੀ।