ਚੰਡੀਗੜ੍ਹ : ਪੰਜਾਬ ਦੀਆਂ ਸਾਰੀਆਂ ਸਰਕਾਰੀ ਬੱਸਾਂ ‘ਚ ਮੁਫ਼ਤ ਸਫਰ ਕਰਨ ਦੀ ਸਹੂਲਤ ਦੇਣ ਮਗਰੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਬੀਬੀਆਂ ਲਈ ਇਕ ਹੋਰ ਵੱਡਾ ਐਲਾਨ ਕੀਤਾ ਗਿਆ ਹੈ। ਕੈਪਟਨ ਨੇ ਕਿਹਾ ਕਿ ਟਰਾਂਸਪੋਰਟ ਮਹਿਕਮਾ ਵਾਹਨਾਂ ਦੀ ਟਰੈਕਿੰਗ ਲਈ ਸਾਰੀਆਂ ਸਰਕਾਰੀ ਤੇ ਨਿੱਜੀ ਬੱਸਾਂ ‘ਚ ਜੀ. ਪੀ. ਐਸ. ਸਿਸਟਮ ਲਾਉਣ ਜਾ ਰਿਹਾ ਹੈ। ਇਸ ਤੋਂ ਇਲਾਵਾ ਹੰਗਾਮੀ ਹਾਲਤ ਲਈ ਪੈਨਿਕ ਬਟਨ ਵੀ ਹੋਵੇਗਾ।
ਕੈਪਟਨ ਨੇ ਕਿਹਾ ਕਿ ਸਰਕਾਰੀ ਬੱਸਾਂ ਵਿੱਚ ਇਹ ਪ੍ਰਕਿਰਿਆ ਮੁਕੰਮਲ ਹੋਣ ਦੇ ਨੇੜੇ ਹੈ ਅਤੇ ਨਿੱਜੀ ਆਪਰੇਟਰਾਂ ਨੂੰ 31 ਅਗਸਤ ਤੱਕ ਇਸ ਨੂੰ ਪੂਰਾ ਕਰਨ ਲਈ ਆਖਿਆ ਗਿਆ ਹੈ। ਬੀਬੀਆਂ ਖਿਲਾਫ਼ ਜ਼ੁਰਮ ਨੂੰ ਗੰਭੀਰਤਾ ਨਾਲ ਲੈਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਬੀਬੀਆਂ ਦੀ ਸੁਰੱਖਿਆ ਲਈ ਵਚਨਬੱਧ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਮੁਫ਼ਤ ਬੱਸ ਸਫਰ ਸਕੀਮ ਸੂਬਾ ਸਰਕਾਰ ਦੀ ਜਨਾਨੀਆਂ ਤੇ ਕੁੜੀਆਂ ਦੇ ਸੰਗਠਿਕ ਵਿਕਾਸ ਤੇ ਤਰੱਕੀ ਲਈ ਦੂਰ-ਦ੍ਰਿਸ਼ਟੀ ਦਾ ਪ੍ਰਤੀਕ ਹੈ, ਜਿਨ੍ਹਾਂ ਨੂੰ ਸੂਬਾ ਸਰਕਾਰ ਨੇ ਪਹਿਲਾਂ ਹੀ ਪੰਚਾਇਤੀ ਰਾਜ ਤੇ ਸਥਾਨਕ ਸਰਕਾਰਾਂ ਸੰਸਥਾਵਾਂ ਵਿੱਚ 50 ਫ਼ੀਸਦੀ ਰਾਖਵਾਂਕਰਨ ਅਤੇ ਸਰਕਾਰੀ ਨੌਕਰੀਆਂ ਵਿੱਚ 33 ਫ਼ੀਸਦੀ ਰਾਖਵਾਂਕਰਨ ਦੀ ਸਹੂਲਤ ਦਿੱਤੀ ਹੈ।
ਇਸੇ ਪ੍ਰਤੀਬੱਧਤਾ ਦੀ ਦਿਸ਼ਾ ਵਿੱਚ ਸੂਬੇ ‘ਚ 33,000 ਬੀਬੀਆਂ ਨੂੰ ਮੌਜੂਦਾ ਸਾਲ ਵਿੱਚ ਨੌਕਰੀ ਮਿਲੇਗੀ। ਮੁੱਖ ਮੰਤਰੀ ਨੇ ਕਿਹਾ ਕਿ ਵੱਡੀ ਗਿਣਤੀ ਵਿੱਚ ਕੁੜੀਆਂ ਨੂੰ ਕੋਵਿਡ ਦੌਰਾਨ ਪੜ੍ਹਾਈ ਵਿੱਚ ਮਦਦ ਲਈ ਸਮਾਰਟਫੋਨ ਮੁਹੱਈਆ ਕਰਵਾਏ ਗਏ ਹਨ। ਕੈਪਟਨ ਅਮਰਿੰਦਰ ਸਿੰਘ ਨੇ ਅੱਗੇ ਐਲਾਨ ਕੀਤਾ ਕਿ ਸੂਬੇ ਵਿੱਚ ਬਿਹਤਰ ਸੜਕੀ ਨੈੱਟਵਰਕ ਲਈ 25 ਹੋਰ ਬੱਸ ਅੱਡੇ ਉਸਾਰੇ ਜਾਣਗੇ।