ਚੰਡੀਗੜ੍ਹ : ਕੇਂਦਰ ਸਰਕਾਰ ਨੇ ਫ਼ਸਲ ਦੀ ਸਿੱਧੀ ਅਦਾਇਗੀ ਨੂੰ ਕਿਸਾਨਾਂ ਦੇ ਖਾਤੇ ‘ਚ ਨਹੀਂ ਪਾਉਣ ਦੀ ਸੂਬਾ ਸਰਕਾਰ ਦੀ ਤਜਵੀਜ਼ ਨੂੰ ਖ਼ਾਰਜ ਕਰ ਦਿੱਤਾ ਹੈ ਜਿਸ ਤੋਂ ਬਾਅਦ ਆੜ੍ਹਤੀ ਐਸੋਸੀਏਸ਼ਨ ਨੇ 10 ਅਪ੍ਰੈਲ ਤੋਂ ਹੜਤਾਲ ‘ਤੇ ਜਾਣ ਦਾ ਐਲਾਨ ਕਰ ਦਿੱਤਾ ਹੈ। ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਵਿਜੇ ਕਾਲੜਾ ਨੇ ਕਿਹਾ ਕਿ ਕਿਸਾਨ ਮੰਡੀਆਂ ‘ਚ ਫ਼ਸਲ ਲਿਆ ਸਕਦੇ ਹਨ ਪਰ ਆੜ੍ਹਤੀ ਨਾ ਤਾਂ ਉਸ ਦੀ ਸਫ਼ਾਈ ਕਰਵਾਉਣਗੇ ਤੇ ਨਾ ਹੀ ਤੋਲਾਈ ਕਰਵਾਉਣਗੇ।
ਸਿੱਧੀ ਅਦਾਇਗੀ ਦੇ ਮੁੱਦੇ ‘ਤੇ ਕਿਸਾਨਾਂ ਦੀ ਹਮਾਇਤ ਨਾ ਮਿਲਣ ਦੀ ਗੱਲ ਨੂੰ ਆੜ੍ਹਤੀ ਵੀ ਸਮਝ ਰਹੇ ਹਨ। ਵਿਜੇ ਕਾਲੜਾ ਨੇ ਕਿਹਾ ਕਿ ਜਦੋਂ ਮੰਡੀਆਂ ‘ਚ ਕਣਕ ਦੀ ਖ਼ਰੀਦ ਨਹੀਂ ਹੋਵੇਗੀ ਤਾਂ ਕਿਸਾਨ ਆਪਣੇ-ਆਪ ਹੀ ਉਨ੍ਹਾਂ ਨਾਲ ਧਰਨੇ ‘ਚ ਸ਼ਾਮਲ ਹੋਣਗੇ। ਸਰਕਾਰ ਨੂੰ ਵੀ ਉਸ ਸਮੇਂ ਸਮਝ ਆ ਜਾਵੇਗਾ ਜਦੋਂ ਮੰਡੀਆਂ ਕਣਕ ਨਾਲ ਭਰ ਜਾਣਗੀਆਂ। ਕਾਲੜਾ ਨੇ ਮੁੜ ਦੁਹਰਾਇਆ ਕਿ ਕਿਸਾਨਾਂ ਤੇ ਆੜ੍ਹਤੀਆਂ ਦਾ ਸਾਲਾਂ ਪੁਰਾਣਾ ਰਿਸ਼ਤਾ ਹੈ। ਇਸ ਲਈ ਉਹ ਕਿਸਾਨਾਂ ਦੀਆਂ ਮੰਡੀਆਂ ‘ਚ ਫ਼ਸਲ ਲਿਆਉਣ ਤੋਂ ਨਹੀਂ ਰੋਕਣਗੇ। ਉਹ ਆਪਣੀ ਆੜ੍ਹਤ ‘ਤੇ ਫ਼ਸਲ ਨੂੰ ਉਤਰਵਾਉਣਗੇ ਪਰ ਨਾ ਤਾਂ ਫ਼ਸਲ ਦੀ ਸਫਾਈ ਹੋਵੇਗੀ ਤੇ ਨਾ ਹੀ ਤੁਲਾਈ ਹੋਵੇਗੀ। ਖ਼ਰੀਦ ਤੇ ਲਿਫਟਿੰਗ ਨਾ ਹੋਣ ਤੋਂ ਬਾਅਦ ਕੇਂਦਰ ਸਰਕਾਰ ਨੂੰ ਆਪਣੇ-ਆਪ ਸਮਝ ਆ ਜਾਵੇਗੀ।