ਵਾਸ਼ਿੰਗਟਨ (ਬਿਊਰੋ): ਅਮਰੀਕਾ ਨੇ ਚੀਨ ਖ਼ਿਲਾਫ਼ ਆਪਣੀ ਰਣਨੀਤੀ ਨੂੰ ਤੇਜ਼ ਕਰਦੇ ਹੋਏ ਭਾਰਤ ਨਾਲ ਰੱਖਿਆ ਸੰਬੰਧਾਂ ਨੂੰ ਹੋਰ ਮਜ਼ਬੂਤ ਕਰਨ ਦਾ ਫ਼ੈਸਲਾ ਲਿਆ ਹੈ। ਅਮਰੀਕੀ ਸੈਨੇਟ ਦੀ ਇਕ ਸ਼ਕਤੀਸ਼ਾਲੀ ਕਮੇਟੀ ਨੇ ਬਹੁਤ ਅਹਿਮ ਮੰਨੇ ਜਾ ਰਹੇ ਚੀਨ ਰਣਨੀਤਕ ਮੁਕਾਬਲਾ ਬਿੱਲ ਨੂੰ ਜ਼ੋਰਦਾਰ ਸਮਰਥਨ ਦਿੰਦੇ ਹੋਏ ਉਸ ਨੂੰ ਮਨਜ਼ੂਰੀ ਦੇ ਦਿੱਤੀ। ਇਸ ਬਿੱਲ ਵਿਚ ਕਵਾਡ ਸਮੂਹ ਨੂੰ ਸਮਰਥਨ ਦੇਣ ਦੇ ਨਾਲ ਹੀ ਭਾਰਤ ਨਾਲ ਸੁਰੱਖਿਆ ਸੰਬੰਧਾਂ ਨੂੰ ਵਧਾਉਣ ਦਾ ਖੁੱਲ੍ਹਾ ਸਮਰਥਨ ਕੀਤਾ ਗਿਆ ਹੈ।
ਰੱਖਿਆ ਸਹਿਯੋਗ ਵਧਾਉਣ ‘ਤੇ ਜ਼ੋਰ
ਅਘੋਸ਼ਿਤ ਰੂਪ ਨਾਲ ਚੀਨ ਖ਼ਿਲਾਫ਼ ਬਣੇ ਕਵਾਡ ਸਮੂਹ ਵਿਚ ਅਮਰੀਕਾ, ਭਾਰਤ, ਆਸਟ੍ਰੇਲੀਆ ਅਤੇ ਜਾਪਾਨ ਸ਼ਾਮਲ ਹਨ। ਸਾਲ 2007 ਵਿਚ ਇਸ ਦੀ ਸਥਾਪਨਾ ਦੇ ਬਾਅਦ ਤੋਂ ਚਾਰ ਮੈਂਬਰ ਰਾਸ਼ਟਰਾਂ ਦੇ ਪ੍ਰਤੀਨਿਧੀ ਸਮੇਂ-ਸਮੇਂ ‘ਤੇ ਮਿਲ ਰਹੇ ਹਨ। ਚਾਰ ਦੇਸ਼ਾਂ ਦੇ ਚੋਟੀ ਦੇ ਨੇਤਾਵਾਂ ਨੇ ਪਿਛਲੇ ਮਹੀਨੇ ਰਾਸ਼ਟਰਪਤੀ ਜੋਅ ਬਾਈਡੇਨ ਵੱਲੋਂ ਆਯੋਜਿਤ ਇਤਿਹਾਸਕ ਸਿਖਰ ਸੰਮੇਲਨ ਵਿਚ ਹਿੱਸਾ ਲਿਆ ਸੀ।
ਕਰੀਬ ਆਉਣਗੇ ਭਾਰਤ ਅਤੇ ਅਮਰੀਕਾ
ਕਮੇਟੀ ਨੇ ਅਮਰੀਕੀ ਸਰਕਾਰ ਤੋਂ ਅਪੀਲ ਕੀਤੀ ਕਿ ਉਹ ਭਾਰਤ ਨਾਲ ਕਰੀਬ ਤੋਂ ਵਿਚਾਰ ਵਟਾਂਦਰਾ ਕਰ ਕੇ ਅਜਿਹੇ ਖੇਤਰਾਂ ਦੀ ਪਛਾਣ ਕਰੇ ਜਿੱਥੇ ਉਹ ਖੇਤਰ ਵਿਚ ਚੀਨ ਕਾਰਨ ਪੈਦਾ ਹੋਈਆਂ ਆਰਥਿਕ ਅਤੇ ਸੁਰੱਖਿਆ ਚੁਣੌਤੀਆਂ ਨਾਲ ਨਜਿੱਠਣ ਲਈ ਭਾਰਤ ਦੀਆਂ ਕੋਸ਼ਿਸ਼ਾਂ ਵਿਚ ਕੂਟਨੀਤਕ ਅਤੇ ਹੋਰ ਮਦਦ ਦੇ ਸਕਣ। ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਅਮਰੀਕਾ ਅਤੇ ਭਾਰਤ ਦੇ ਰੱਖਿਆ ਸੰਬੰਧ ਹੋਰ ਮਜ਼ਬੂਤ ਹੋਣਗੇ। ਅਮਰੀਕਾ ਆਪਣੇ ਕਈ ਖਤਰਨਾਕ ਹਥਿਆਰਾਂ ਨੂੰ ਸਿੱਧੇ ਭਾਰਤ ਨੂੰ ਵੇਚ ਸਕੇਗਾ।
21 ਵੋਟਾਂ ਨਾਲ ਬਿੱਲ ਨੂੰ ਮਨਜ਼ੂਰੀ
ਸੈਨੇਟ ਦੀ ਵਿਦੇਸ਼ ਸੰਬੰਧ ਕਮੇਟੀ ਨੇ ਤਿੰਨ ਘੰਟੇ ਦੀ ਚਰਚਾ ਅਤੇ ਕਈ ਸੋਧਾਂ ਦੇ ਬਾਅਦ ਰਣਨੀਤਕ ਮੁਕਾਬਲਾ ਐਕਟ ਨੂੰ ਬੁੱਧਵਾਰ ਨੂੰ 21 ਵੋਟਾਂ ਨਾਲ ਮਨਜ਼ੂਰੀ ਦਿੱਤੀ। ਇਸ ਦੋ-ਪੱਖੀ ਬਿੱਲ ਮੁਤਾਬਕ ਅਮਰੀਕਾ ਭਾਰਤ ਨਾਲ ਵਿਆਪਕ ਗਲੋਬਲ ਹਿੱਸੇਦਾਰ ਦੇ ਪ੍ਰਤੀ ਆਪਣੀ ਵਚਨਬੱਧਤਾ ਦੀ ਪੁਸ਼ਟੀ ਕਰਦਾ ਹੈ ਅਤੇ ਦੇਸ਼ ਨਾਲ ਦੋ-ਪੱਖੀ ਰੱਖਿਆ ਵਿਚਾਰ ਵਟਾਂਦਰਿਆਂ ਅਤੇ ਸਹਿਯਗ ਨੂੰ ਹੋਰ ਮਜ਼ਬੂਤ ਕਰਦਾ ਹੈ।