ਨਵੀਂ ਦਿੱਲੀ— ਦਿੱਲੀ ਵਿਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਕੋਰੋਨਾ ਵਾਇਰਸ ਦੇ ਵੱਧਦੇ ਖ਼ਤਰੇ ਨੂੰ ਵੇਖਦਿਆਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ’ਚ ਲਾਕਡਾਊਨ ਇਕ ਹਫ਼ਤੇ ਲਈ ਹੋਰ ਵਧਾ ਦਿੱਤਾ ਹੈ। ਇਹ ਐਲਾਨ ਉਨ੍ਹਾਂ ਨੇ ਅੱਜ ਯਾਨੀ ਕਿ ਐਤਵਾਰ ਨੂੰ ਪ੍ਰੈੱਸ ਕਾਨਫਰੰਸ ਜ਼ਰੀਏ ਕੀਤਾ। ਦੱਸ ਦੇਈਏ ਕਿ ਦਿੱਲੀ ’ਚ ਉਂਝ ਲਾਕਡਾਊਨ ਦਾ ਸਮਾਂ ਕੱਲ੍ਹ ਯਾਨੀ ਕਿ 26 ਅਪ੍ਰੈਲ ਸੋਮਵਾਰ ਨੂੰ ਸਵੇਰੇ 5 ਵਜੇ ਤੱਕ ਲਈ ਸੀ। ਕੇਜਰੀਵਾਲ ਨੇ ਕਿਹਾ ਕਿ ਦਿੱਲੀ ’ਚ ਕੋਰੋਨਾ ਕੇਸ ਲਗਾਤਾਰ ਵਧ ਰਹੇ ਹਨ, ਇਸ ਲਈ ਅਸੀਂ ਲਾਕਡਾਊਨ ਵਧਾ ਰਹੇ ਹਾਂ। ਯਾਨੀ ਕਿ ਹੁਣ 3 ਮਈ ਸਵੇਰੇ 5 ਵਜੇ ਤੱਕ ਲਾਕਡਾਊਨ ਰਹੇਗਾ।
ਕੇਜਰੀਵਾਲ ਨੇ ਅੱਗੇ ਕਿਹਾ ਕਿ ਕੋਰੋਨਾ ਨਾਲ ਨਜਿੱਠਣ ਲਈ ਲਾਕਡਾਊਨ ਆਖ਼ਰੀ ਹਥਿਆਰ ਹੈ, ਜਿਸ ਤਰ੍ਹਾਂ ਨਾਲ ਕੇਸ ਵਧ ਰਹੇ ਹਨ। ਇਹ ਆਖ਼ਰੀ ਹਥਿਆਰ ਇਸਤੇਮਾਲ ਕਰਨਾ ਜ਼ਰੂਰੀ ਹੋ ਗਿਆ ਸੀ। ਇਸ ਲਈ ਅਸੀਂ ਲਾਕਡਾਊਨ ਵਧਾਉਣ ਦਾ ਫ਼ੈਸਲਾ ਕੀਤਾ। 6 ਦਿਨ ਦੇ ਲਾਕਡਾਊਨ ਤੋਂ ਬਾਅਦ ਵੀ ਰਾਜਧਾਨੀ ’ਚ ਕੋਰੋਨਾ ਦੇ ਕੇਸ ਘੱਟ ਹੁੰਦੇ ਨਜ਼ਰ ਨਹੀਂ ਆ ਰਹੇ ਹਨ।
ਆਕਸੀਜਨ ਦੀ ਘਾਟ ਵੱਡੀ ਸਮੱਸਿਆ- ਕੇਜਰੀਵਾਲ
ਕੇਜਰੀਵਾਲ ਨੇ ਇਹ ਵੀ ਕਿਹਾ ਕਿ ਦਿੱਲੀ ’ਚ ਆਕਸੀਜਨ ਦੀ ਭਾਰੀ ਘਾਟ ਹੈ। ਇਸ ਸਮੇਂ ਦਿੱਲੀ ’ਚ ਆਕਸੀਜਨ ਦੀ ਜ਼ਰੂਰਤ 700 ਟਨ ਦੀ ਹੈ ਅਤੇ ਸਾਨੂੰ ਕੇਂਦਰ ਸਰਕਾਰ ਤੋਂ 480 ਟਨ ਆਕਸੀਜਨ ਮਿਲ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਦਿੱਲੀ ’ਚ ਹਾਲਾਂਕਿ ਆਕਸੀਜਨ ਦੀ ਪੂਰੀ ਸਪਲਾਈ ਨਹੀਂ ਹੋ ਰਹੀ ਹੈ। ਕਈ ਥਾਵਾਂ ’ਤੇ ਆਕਸੀਜਨ ਨਹੀਂ ਪਹੁੰਚ ਰਹੀ। ਇਹ ਹੀ ਵਜ੍ਹਾ ਹੈ ਕਿ ਦਿੱਲੀ ’ਚ ਆਕਸੀਜਨ ਦੀ ਘਾਟ ਕਾਫੀ ਜ਼ਿਆਦਾ ਹੈ। ਕੇਜਰੀਵਾਲ ਨੇ ਬੀਤੇ ਸ਼ਨੀਵਾਰ ਨੂੰ ਦੇਸ਼ ਦੇ ਸਾਰੇ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਚਿੱਠੀ ਲਿਖ ਕੇ ਉਨ੍ਹਾਂ ਤੋਂ ਆਕਸੀਜਨ ਉਪਲੱਬਧ ਕਰਾਉਣ ਦੀ ਬੇਨਤੀ ਕੀਤੀ। ਮੁੱਖ ਮੰਤਰੀ ਨੇ ਚਿੱਠੀ ਲਿਖ ਕੇ ਅਪੀਲ ਕੀਤੀ ਹੈ ਕਿ ਜੇਕਰ ਤੁਹਾਡੇ ਕੋਲ ਵਾਧੂ ਆਕਸੀਜਨ ਹੈ, ਤਾਂ ਦਿੱਲੀ ਨੂੰ ਉਪਲੱਬਧ ਕਰਵਾਓ।
ਦੱਸ ਦੇਈਏ ਕਿ ਦਿੱਲੀ ’ਚ ਸ਼ਨੀਵਾਰ ਨੂੰ 24 ਘੰਟਿਆਂ ’ਚ ਕੋਰੋਨਾ ਦੇ 24,103 ਨਵੇਂ ਕੇਸ ਸਾਹਮਣੇ ਆਏ। ਚਿੰਤਾ ਦੀ ਗੱਲ ਇਹ ਹੈ ਕਿ ਬੀਤੇ 24 ਘੰਟਿਆਂ ਦੌਰਾਨ ਦਿੱਲੀ ’ਚ ਰਿਕਾਰਡ 357 ਮੌਤਾਂ ਹੋਈਆਂ ਹਨ। ਇਹ ਹੁਣ ਤੱਕ ਦਾ ਸਭ ਤੋਂ ਵੱਡਾ ਅੰਕੜਾ ਹੈ। ਫ਼ਿਲਹਾਲ ਦਿੱਲੀ ’ਚ 93,080 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ।