ਮਾਨਸਾ, 27 ਅਪ੍ਰੈਲ (ਜਸਵੀਰ ਔਲਖ) : ਸਿਹਤ ਵਿਭਾਗ ਪੰਜਾਬ ਦੇ ਨੈਸ਼ਨਲ ਹੈਲਥ ਮਿਸ਼ਨ ਵਿੱਚ ਕਰੀਬ 9000 ਕਰਮਚਾਰੀਆਂ ਨੇ ਸੋਸ਼ਣ ਤੋਂ ਤੰਗ ਹੋ ਕੇ ਅੱਜ ਪੂਰੇ ਪੰਜਾਬ ਵਿੱਚ ਹੜਤਾਲ ਕੀਤੀ,ਸਿਹਤ ਵਿਭਾਗ ਦਾ ਕੰਮ ਪੂਰਨ ਤੌਰ ਤੇ ਬੰਦ ਕੀਤਾ,ਵੈਕਸੀਨੇਸਨ ਦਾ ਪੂਰੀ ਤਰਾਂ ਬਾਈਕਾਟ ਕੀਤਾ,ਕਰੋਨਾ ਸੈਪਲਿੰਗ ਬੰਦ ਰੱਖ ਅਤੇ ਐਮਰਜੈਸੀ ਸੇਵਾਵਾਂ ਵੀ ਬੰਦ ਰੱਖੀਆਂ।ਇਸ ਦੋਰਾਨ ਹੜਤਾਲੀ ਕਰਮਚਾਰੀਆਂ ਨੇ ਪੰਜਾਬ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ ਅਤੇ ਪੰਜਾਬ ਸਰਕਾਰ ਖਿਲਾਫ ਪਿੱਟ ਸਿਆਪਾ ਕੀਤਾ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਰਵਿੰਦਰ ਸਿੰਘ ਨੇ ਦੱਸਿਆਂ ਕਿ ਇਸ ਮਿਸ਼ਨ ਵਿੱਚ ਸਭ ਤੋਂ ਪੁਰਾਣੇ ਪ੍ਰੋਗਰਾਮ ਜਿਵੇ ਟੀਬੀ ਵਿਭਾਗ ,ਲੈਪਰੋਸੀ ਅਤੇ ਆਰਸੀਐਚ ਪ੍ਰੋਗਰਾਮ ਦੇ ਕਰਮਚਾਰੀ ਜਿਨ੍ਹਾਂ ਨੁੰ ਇਸ ਮਿਸ਼ਨ ਵਿੱਚ ਠੇਕੇ ਤੇ ਕੰਮ ਕਰਦੇ ਕਰਦੇ 20—25 ਸਾਲ ਹੋ ਗਏ ਹਨ ਅਤੇ ਕਈ ਕਰਮਚਾਰੀ ਆਉਣ ਵਾਲੇ ਕੁਝ ਮਹੀਨਿਆਂ ਵਿੱਚ ਠੇਕੇ ਤੇ ਹੀ ਰਿਟਾਇਰ ਹੋਣ ਜਾ ਰਹੇ ਹਨ।
ਇਨਾਂ ਕਰਮਚਾਰੀਆਂ ਨੇ ਇਸ ਦੋਰਾਨ ਸਿਹਤ ਵਿਭਾਗ ਨੂੰ ਆਪਣੀ ਜਿੰਦਗੀ ਦਾ ਕੀਮਤੀ ਸਮਾਂ ਲੇਖੇ ਲਾਇਆ ਤੇ ਬਹੁਤ ਇਮਾਨਦਾਰੀ ਨਾਲ ਸਿਹਤ ਵਿਭਾਗ ਦੀ ਸੇਵਾ ਕੀਤੀ।ਬਾਕੀ ਪ੍ਰੋਗਰਾਮਾਂ ਦੇ ਵਿੱਚ ਕੰਮ ਕਰਨ ਵਾਲੇ ਕਰਮਚਾਰੀ ਵੀ ਇਨਾਂ ਕਰਮਚਾਰੀਆਂ ਵਾਗੂੰ ਸ਼ੋਸ਼ਣ ਦਾ ਸਿਕਾਰ ਹੋ ਰਹੇ ਹਨ।ਜਿਸ ਵਿੱਚ ਆਉਟਸੋਰਸ ਕਰਮਚਾਰੀ,ਕੰਪਿਉਟਰ ਓਪਰੇਟਰ, ਇੰਨਫਾਰਮੇਸ ਅਸੀਸਟੈਂਟ, ਫਾਰਮਾਸਿਸਟ, ਸਟਾਫ ਨਰਸਾਂ, ਮਲਟੀਪਰਪਜ ਹੈਲਥ ਵਰਕਾਰ ਫੀਮੇਲ,ਲੈਬ ਟਕਨੀਸੀਅਨ ਆਦਿ ਸਾਮਿਲ ਹਨ। ਜਿਨਾਂ ਨੁੰ ਘੱਟ ਤਨਖਾਹ ਦੇ ਕੇ ਕਈ ਗੁਣਾ ਕੰਮ ਲੈ ਕੇ ਇਨਾ ਦਾ ਖੂਨ ਨਿਚੋੜਿਆ ਜਾ ਰਿਹਾ ਹੈ।ਕੋਵਿਡ 19 ਦੋਰਾਨ 500 ਦੇ ਕਰੀਬ ਕਰਮਚਾਰੀ ਕੋਰੋਨਾ ਪਾਜਟਿਵ ਆਏ ਤੇ ਇਸ ਦੋਰਾਨ ਭਾਰੀ ਮੁਸਿਕਲਾਂ ਦਾ ਸਾਹਮਣਾ ਕਰਨਾ ਪਿਆ।ਜਿਲ੍ਹਾ ਕਪੂਰਥਲਾ ਦੀ ਕਰਮਚਾਰੀ ਸੁਰਿੰਦਰ ਕੌਰ ਤੇ ਲੱਗਭੱਗ 5 ਲੱਖ ਦੇ ਕਰੀਬ ਖਰਚਾ ਹੋਇਆ ਜਿਸਨੇ ਆਪਣਾ ਇਲਾਜ ਕਰਜਾ ਚੁੱਕ ਕੇ ਕਰਵਾਇਆ ਤੇ ਸਰਕਾਰ ਵੱਲੋਂ ਕੋਈ ਮੱਦਦ ਨਹੀ ਹੋਈ।ਇਸੇ ਤਰ੍ਹਾਂ ਜਿਲ੍ਹਾ ਗੁਰਦਾਸਪੁਰ ਅਤੇ ਜਲੰਧਰ ਦੇ ਦੋ ਕਰਮਚਾਰੀਆਂ ਨੇ ਕਰੋਨਾਂ ਦੀ ਜੰਗ ਵਿੱਚ ਆਪਣੀ ਜਾਨ ਗਵਾਈ ।
ਜਿਲ੍ਹਾ ਗੁਰਦਾਸਪੁਰ ਦੀ ਕਰਮਚਾਰੀ ਦੇ ਕੋਰੋਨਾ ਪਾਜੇਟਿਵ ਆਉਣ ਕਾਰਨ ਉਸਦੇ ਮਾਤਾ ਪਿਤਾ ਵੀ ਕਰੋਨਾ ਪਾਜੇਟਿਵ ਆ ਗਏ ਤੇ ਉਹ ਵੀ ਆਪਣੀ ਜਾਨ ਗੁਆ ਬੈਠੇ ।
ਨੈਸ਼ਨਲ ਹੈਲਥ ਮਿਸ਼ਨ ਦੇ ਕਰਮਚਾਰੀਆਂ ਨੇ ਪੰਜਾਬ ਸਰਕਾਰ ਨੁੰ ਬਹੁਤ ਵਾਰ ਗੁਹਾਰ ਲਗਾਈ ਹੈ ਕਿ ਸਰਵ ਸਿੱਖਿਆ ਅਭਿਆਨ ਕੈਂਦਰੀ ਮਿਸ਼ਨ ਹੈ ਅਤੇ ਉਸ ਮਿਸ਼ਨ ਦੇ ਕਰਮਚਾਰੀ ਪੰਜਾਬ ਸਰਕਾਰ ਨੇ ਰੈਗੂਲਰ ਕੀਤੇ ਹਨ ਤੇ ਰੈਗੂਲਰ ਕਰਮਚਾਰੀਆਂ ਵਾਗੂੰ ਪੂਰੀਆਂ ਸਹੂਲਤਾਂ ਦਿੱਤੀਆਂ ਹਨ।ਹਰਿਆਣਾ ਸਰਕਾਰ ਨੇ ਵੀ 2018 ਤੋਂ ਨੈਸ਼ਨਲ ਹੈਲਥ ਮਿਸ਼ਨ ਦੇ ਕਰਮਚਾਰੀਆਂ ਨੁੰ ਰੈਗੂਲਰ ਕਰਮਚਾਰੀਆਂ ਬਰਾਬਰ ਸਹੁਲਤਾਂ ਅਤੇ ਤਨਖਾਹ ਦਿੱਤੀ ਹੈ।ਰੂਰਲ ਮੈਡੀਕਲ ਅਫਸਰ ਵੀ ਰੈਗੂਲਰ ਹੋਏ ਹਨ।ਪਰੰਤੂ ਇਨਾਂ ਕਰਮਚਾਰੀਆਂ ਨੂੰ ਪੰਜਾਬ ਸਰਕਾਰ ਦੇ ਝੂਠੇ ਲਾਰਿਆਂ ਤੋਂ ਸਿਵਾ ਕੁਝ ਨਹੀ ਮਿਲਿਆ।ਇਸ ਕਾਰਨ ਜਿਲ੍ਹਾ ਮਾਨਸਾ ਦਾ ਸਾਰਾ ਸਟਾਫ ਅੱਜ ਹੜਤਾਲ ਤੇ ਸੀ ।
ਬੀਤੇ ਦਿਨੀ ਮੁੱਖ ਮੰਤਰੀ ਪੰਜਾਬ ਨੇ ਇਨਾ ਕਰਮਚਾਰੀਆਂ ਦੀ ਜਾਇਜ ਮੰਗ ਮੰਨਣ ਦੀ ਬਜਾਏ ਹੜਤਾਨ ਨੁੰ ਬਕਵਾਸ ਕਿਹਾ ਤੇ ਨੋਕਰੀ ਤੋਂ ਕੱਢਣ ਦੀ ਧਮਕੀ ਵੀ ਦਿੱਤੀ।ਇਨਾਂ ਹੜਤਾਲੀ ਕਰਮਚਾਰੀਆਂ ਨੇ ਪੰਜਾਬ ਸਰਕਾਰ ਨੁੰ ਚੇਤਾਵਨੀ ਦਿੱਤੀ ਕਿ ਜੇਕਰ ਬਿਨਾਂ ਸ਼ਰਤ ਉਨਾਂ ਨੁੰ ਰੈਗੂਲਰ ਕਰਨ ਦਾ ਨੋਟੀਫਿਕੇਸ਼ਨ ਜਾਰੀ ਨਾ ਕੀਤਾ ਤਾਂ ਇਹ ਕਰਮਚਾਰੀ ਛੇਤੀ ਹੀ ਬਹੁਤ ਤਿੱਖਾ ਸੰਘਰਸ ਵਿੱਢਣ ਦੀ ਤਿਆਰੀ ਵਿੱਚ ਹਨ । ਭੁੱਲ ਜਾਣਗੇ ਕਿ ਕੋਵਿਡ ਦਾ ਭਿਆਨਕ ਸਮਾਂ ਚੱਲ ਰਿਹਾ ਹੈ।ਜਿਸ ਨਾਲ ਸਿਹਤ ਵਿਭਾਗ ਦੇ ਕੰਮ ਪ੍ਰਭਾਵਿਤ ਹੋਣ ਦੀ ਸਾਰੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।ਇਸ ਮੋਕੇ .ਦਲਰਾਜ ਕੌਰ,ਹਰਪ੍ਰੀਤ ਕੌਰ,ਸੁਖਪਾਲ ਕੌਰ,ਅਮਨਦੀਪ ਕੌਰ,ਗੁਰਵੀਰ ਕੌਰ,ਸਿਮਰਨਜੀਤ ਕੌਰ ਮਨਪ੍ਰੀਤ ਕੌਰ , ਰਮਨਦੀਪ ਕੌਰ ਖੁਸਦੀਪ ਕੌਰ ਸੁਖਞਿਦਰ ਕੌਰ, ਜਗਰਾਜ ਸਿੰਘ, ਅਞਤਾਰ ਸਿੰਘ ਜੈਕੀ ਗਰਗ ਬੋਹੜ ਸਿੰਘ ਹਾਜ਼ਰ ਸਨ।