ਔਰਤਾਂ ਦੇ ਗਰਭ ਅਵਸਥਾ ਤੋਂ ਲੈ ਕੇ ਜਣੇਪੇ ਤੱਕ ਮੁਫਤ ਇਲਾਜ- ਡਾ. ਭਾਨੂੰ ਪ੍ਰਿਯਾ
ਰਾਮਪੁਰਾ ਫੂਲ (ਜਸਵੀਰ ਔਲਖ): ਪੰਜਾਬ ਸਰਕਾਰ ਦੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਸਾਂਝੇ ਯਤਨਾਂ ਤਹਿਤ ਨਵ-ਜੰਮੀਆਂ ਬੱਚੀਆਂ ਦੀ ਸਿਹਤ ਸੰਭਾਲ ਲਈ ਹਿਮਾਲਿਆ ਕੰਪਨੀ ਦੀਆਂ ਬੇਬੀ ਕਿੱਟਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।ਅੱਜ ਸਿਵਲ ਹਸਪਤਾਲ, ਰਾਮਪੁਰਾ ਫੂਲ ਵਿਖੇ ਨਵ-ਜੰਮੀਆਂ ਦੋ ਬੱਚੀਆਂ ਦੇ ਮਾਤਾ ਪਿਤਾ ਨੂੰ ਬੇਬੀ-ਕਿੱਟ ਅਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਜਾਰੀ ਕੀਤੇ ਵਧਾਈ ਸੰਦੇਸ਼ ਦੀ ਕਾਪੀ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਰਾਮਪੁਰਾ ਫੂਲ ਡਾ. ਰਵਿੰਦਰਪਾਲ ਸਿੰਘ ਨੇ ਕਿਹਾ ਕਿ ਉਹ ਪਰਿਵਾਰ ਭਾਗਾਂ ਵਾਲੇ ਹਨ, ਜਿੰਨਾਂ ਦੇ ਘਰ ਲੜਕੀਆਂ ਜਨਮ ਲੈਂਦੀਆਂ ਹਨ।ਉਨ੍ਹਾਂ ਕਿਹਾ ਕਿ ਅੱਜ ਸਾਡੇ ਦੇਸ਼ ਦੀਆਂ ਧੀਆਂ ਧਿਆਣੀਆਂ ਪੜ੍ਹਾਈ, ਖੇਡਾਂ, ਖੇਤੀ, ਨੌਕਰੀ, ਕਾਰੋਬਾਰ ਆਦਿ ਹਰੇਕ ਖੇਤਰ ਵਿੱਚ ਨਾਮਣਾ ਖੱਟ ਰਹੀਆਂ ਹਨ ਅਤੇ ਸਮਾਜ ਦੇ ਹਰ ਮੁਕਾਮ ਤੇ ਪਹੁੰਚ ਕੇ ਆਪਣੇ ਮਾਪਿਆਂ ਦਾ ਨਾਮ ਰੌਸ਼ਣ ਕਰਦੇ ਹੋਏ ਆਪਣੇ ਭਰਾਵਾਂ ਨਾਲ ਵੀ ਮੋਢੇ ਨਾਲ ਮੋਢੇ ਜ਼ੋੜ ਕੇ ਆਪਣੀ ਮੌਜੂਦਗੀ ਦਰਜ ਕਰਵਾ ਰਹੀਆਂ ਹਨ।ਸੋ ਸਾਨੂੰ਼ ਲੜਕੇ ਅਤੇ ਲੜਕੀਆਂ ਵਿਚਲਾ ਭੇਦ ਭਾਵ ਖਤਮ ਕਰਨਾ ਚਾਹੀਦਾ ਹੈ ਅਤੇ ਕੰਨਿਆ ਭਰੂਣ ਹੱਤਿਆ ਵਰਗੀ ਸਮਾਜਿਕ ਬੁਰਾਈ ਦਾ ਡੱਟ ਕੇ ਵਿਰੋਧ ਕਰਨਾ ਚਾਹੀਦਾ ਹੈ।ਔਰਤ ਰੋਗਾਂ ਦੇ ਮਾਹਿਰ ਡਾ. ਭਾਨੂੰ ਪ੍ਰਿਯਾ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਪੰਜ ਸਾਲ ਤੱਕ ਦੀਆਂ ਬੱਚੀਆਂ ਦਾ ਸਰਕਾਰੀ ਸਿਹਤ ਕੇਂਦਰਾਂ ਵਿੱਚ ਮੁਫਤ ਇਲਾਜ ਕੀਤਾ ਜਾਂਦਾ ਹੈ ਅਤੇ ਔਰਤਾਂ ਦੇ ਗਰਭ ਅਵਸਥਾ ਤੋਂ ਲੈ ਕੇ ਜਣੇਪੇ ਤੱਕ ਮੁਫਤ ਇਲਾਜ ਦੀਆਂ ਸਿਹਤ ਸੇਵਾਵਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ।ਪੰਜਾਬ ਸਰਕਾਰ ਤੇ ਸਿਹਤ ਵਿਭਾਗ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਸਮੇਤ ਹੋਰ ਵਿਭਾਗਾਂ ਵੱਲੋਂ ਵੀ ਧੀਆਂ ਦੀ ਬੇਹਤਰੀ ਲਈ ਚਲਾਈਆਂ ਜਾ ਰਹੀਆਂ ਸਕੀਮਾਂ ਨਾਲ ਧੀਆਂ ਨੂੰ ਬੋਝ ਸਮਝਣ ਵਾਲਿਆਂ ਦੀ ਸੋਚ ਚ ਬਦਲਾਅ ਲਿਆ ਕੇ ਸੂਬੇ ਦੇ ਲੰਿਗ ਅਨੁਪਾਤ ਨੂੰ ਬਰਾਬਰ ਕਰਨ ਦੇ ਉਪਰਾਲੇ ਕੀਤੇ ਜਾ ਰਹੇ ਹਨ।


ਡਿਪਟੀ ਮਾਸ ਮੀਡੀਆ ਅਫਸਰ ਕੁਲਵੰਤ ਸਿੰਘ ਅਤੇ ਡਾ. ਅਸ਼ੀਸ ਬਜਾਜ ਬੱਚਿਆਂ ਦੇ ਮਾਹਿਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਵ ਜੰਮੀਆਂ ਬੱਚੀਆਂ ਲਈ ਭੇਜੀ ਗਈ ਕਿੱਟ ਵਿੱਚ ਬੇਬੀ ਸ਼ੈਂਪੂ, ਮਾਲਿਸ਼ ਲਈ ਤੇਲ, ਬੇਬੀ ਸਾਬੁਣ, ਬੇਬੀ ਲੋਸ਼ਨ, ਬੇਬੀ ਪਾਊਡਰ ਅਤੇ ਬੇਬੀ ਡਾਈਪਰ ਰੈਸ਼ ਕਰੀਮ ਮੌਜੂਦ ਹਨ। ਉਹਨਾਂ ਕਿਹਾ ਕਿ ਸੂਬਾ ਸਰਕਾਰ ਵੀ ਧੀਆਂ ਦੇ ਹੌਸਲਿਆਂ ਨੂੰ ੳੇੁਡਾਣ ਦੇਣ, ਉਨ੍ਹਾਂ ਦੇ ਜੀਵਨ ਪੱਧਰ ਨੂੰ ਹੋਰ ਉੱਚਾ ਚੁੱਕਣ ਅਤੇ ਧੀਆਂ ਨੂੰ ਸੁਰੱਖਿਅਤ ਮਾਹੌਲ ਪ੍ਰਦਾਨ ਕਰਨ ਲਈ ਧੀ ਦੇ ਜਨਮ ਤੋਂ ਲੈ ਕੇ ਉਸ ਦੀ ਸਿਹਤ,ਪੜਾਈ ਅਤੇ ਫੇਰ ਵਿਆਹ ਤੱਕ ਦੀਆਂ ਸਾਰੀਆਂ ਰਸਮਾਂ ਨਿਭਾਉਣ ਵਿੱਚ ਮਾਪਿਆਂ ਨੂੰ ਪੂਰਨ ਸਹਿਯੋਗ ਦੇਣ ਲਈ ਅਣਥੱਕ ਯਤਨ ਕਰ ਰਹੀ ਹੈ।ਧੀਆਂ ਦੇ ਸ਼ਸਕਤੀਕਰਨ ਹਿੱਤ ਸੂਬਾ ਸਰਕਾਰ ਵੱਲੋਂ ਪੰਚਾਇਤਾਂ ਅਤੇ ਮਿਊਂਸਪਲ ਕਮੇਟੀਆਂ ਵਿੱਚ 50 ਫੀਸਦੀ ਅਤੇ ਸਰਕਾਰੀ ਨੌਕਰੀਆਂ ਵਿੱਚ 33 ਫੀਸਦੀ ਰਾਖਵਾਂਕਰਨ ਕੀਤਾ ਗਿਆ ਹੈ ਅਤੇ ਹਰ ਸਾਲ ਲੋਹੜੀ ਮੌਕੇ ਧੀਆਂ ਦੀ ਲੋਹੜੀ ਮਨਾਈ ਜਾਂਦੀ ਹੈ ਅਤੇ ਮਾਤਾ ਪਿਤਾ ਨੂੰ ਸਨਮਾਨਿਤ ਕੀਤਾ ਜਾਂਦਾ ਹੈ।
ਇਸ ਮੌਕੇ ਬੱਚਿਆਂ ਦੇ ਮਾਹਿਰ ਡਾ. ਅਸ਼ੀਸ਼ ਬਜਾਜ, ਸੀਨੀਅਰ ਫਾਰਮੇਸੀ ਅਫਸਰ ਪਵਨ ਕੁਮਾਰ ਸਿੰਗਲਾ, ਨਰਸਿੰਗ ਸਿਸਟਰ ਪਰਮਜੀਤ ਕੌਰ, ਸਟਾਫ ਨਰਸ ਕੁਲਦੀਪ ਕੌਰ ਅਤੇ ਵਾਰਡ ਅਟੈਡੈਂਟ ਚੰਦਾ ਰਾਣੀ , ਮੰਜੂ ਰਾਣੀ, ਕ੍ਰਿਸ਼ਨ ਕੁਮਾਰ ਹਾਜਰ ਸਨ।

Leave a Reply

Your email address will not be published. Required fields are marked *