ਬਰਨਾਲਾ : ਆਈਸੋਲੇਸ਼ਨ ਵਾਰਡ ‘ਚ ਕੋਰੋਨਾ ਮਰੀਜ਼ਾਂ ਦੀ ਜ਼ਮੀਨ ‘ਚ ਹੇਠਾਂ ਪਏ ਹੋਣ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਸਿਹਤ ਵਿਭਾਗ ‘ਤੇ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਗਏ ਹਨ। ਇੰਨਾ ਹੀ ਨਹੀਂ, ਵਾਇਰਲ ਹੋਈ ਵੀਡੀਓ ‘ਚ ਬੈੱਡ ‘ਤੇ ਇਕ ਲਾਸ਼ ਵੀ ਦਿਖਾਈ ਦੇ ਰਹੀ ਹੈ। ਉਥੇ ਹੀ ਆਕਸੀਜਨ ਸਿਲੰਡਰ ਵੀ ਦੂਜੇ ਮਰੀਜ਼ ਨਾਲ ਪਿਆ ਹੈ ਜੋ ਜ਼ਮੀਨ ‘ਤੇ ਹੈ।
ਹੁਣ ਸਵਾਲ ਇਹ ਉੱਠਦਾ ਹੈ ਕਿ ਇੱਕ ਮ੍ਰਿਤਕ ਮਰੀਜ਼ ਦੀ ਲਾਸ਼ ਬੈੱਡ ‘ਤੇ ਪਈ ਹੈ, ਜਦੋਂ ਕਿ ਜ਼ਿੰਦਾ ਮਰੀਜ਼ ਜ਼ਮੀਨ ‘ਤੇ ਹੈ। ਕੀ ਕੋਰੋਨਾ ਮਰੀਜਾਂ ਦੀ ਦੇਖਭਾਲ ਲਈ ਵਾਰਡ ਵਿਚ ਕੋਈ ਸਟਾਫ ਤਾਇਨਾਤ ਨਹੀਂ ਹੈ? ਸਿਰਫ ਇਹ ਹੀ ਨਹੀਂ, ਜਿਸ ਦਿਨ ਵੀਡੀਓ ਵਾਇਰਲ ਹੋਈ , ਉਸੇ ਦਿਨ ਆਈਸੋਲੇਸ਼ਨ ਵਾਰਡ ਦੀ ਬਿਜਲੀ ਵੀ ਚਲੀ ਗਈ। ਜਦੋਂਕਿ ਬਹੁਤ ਸਾਰੇ ਮਰੀਜ਼ਾਂ ਦਾ ਉਥੇ ਇਲਾਜ ਚੱਲ ਰਿਹਾ ਸੀ।
ਹੁਣ ਸਵਾਲ ਇਹ ਹੈ ਕਿ ਸਿਹਤ ਵਿਭਾਗ ਨੇ ਉਥੇ ਬਿਜਲੀ ਚਲੇ ਜਾਣ ਤੋਂ ਬਾਅਦ ਕੋਈ ਪ੍ਰਬੰਧ ਕਿਉਂ ਨਹੀਂ ਕੀਤਾ? ਜਦੋਂ ਕਿ ਪੰਜਾਬ ਸਰਕਾਰ ਆਈਸੋਲੇਸ਼ਨ ਵਾਰਡਾਂ ਵਿਚ ਵਧੀਆ ਪ੍ਰਬੰਧ ਕਰਨ ਦਾ ਦਾਅਵਾ ਕਰਦੀ ਹੈ। ਪਰ ਜਦੋਂ ਆਈਸੋਲੇਸ਼ਨ ਵਾਰਡ ਦੀ ਇਹ ਤਸਵੀਰ ਸਾਹਮਣੇ ਆਉਂਦੀ ਹੈ, ਤਾਂ ਇਨ੍ਹਾਂ ਦਾਅਵਿਆਂ ਦੇ ਦਾਅਵਿਆਂ ਦਾ ਪਰਦਾਫਾਸ਼ ਵੀ ਹੋ ਗਿਆ ਹੈ।
ਜਦੋਂ ਉਨ੍ਹਾਂ ਸਿਵਲ ਸਰਜਨ ਡਾ: ਹਰਿੰਦਰਜੀਤ ਸਿੰਘ ਗਰਗ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ। ਉਨ੍ਹਾਂ ਐਸ.ਐਮ.ਓ ਡਾ.ਜਯੋਤੀ ਕੌਸ਼ਲ ਦੀ ਇਸ ਸਬੰਧ ਵਿੱਚ ਜਾਂਚ ਦੀ ਡਿਊਟੀ ਲਗਾਈ ਹੈ। ਉਨ੍ਹਾਂ ਦੀ ਰਿਪੋਰਟ ਤੋਂ ਬਾਅਦ ਅਗਲੇਰੀ ਕਾਰਵਾਈ ਕੀਤੀ ਜਾਵੇਗੀ।
ਜਦੋਂ ਇਸ ਬਾਰੇ ਐਸਐਮਓ (SMO) ਨਾਲ ਵਿਚਾਰ ਵਟਾਂਦਰਾ ਕੀਤਾ ਗਿਆ ਤਾਂ ਉਸਨੇ ਕਿਹਾ ਕਿ ਜਿਹੜਾ ਮਰੀਜ਼ ਜ਼ਮੀਨ ‘ਤੇ ਸੀ ਉਸਦੀ ਦਿਮਾਗੀ ਹਾਲਤ ਠੀਕ ਨਹੀਂ ਸੀ। ਉਹ ਬਾਰ-ਬਾਰ ਬੈੱਡ ਤੋਂ ਹੇਠਾਂ ਡਿੱਗ ਰਿਹਾ ਸੀ। ਇਸੇ ਕਰਕੇ ਉਸਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਉਹ ਬਾਰ ਬਾਰ ਹੇਠਾਂ ਡਿੱਗ ਰਿਹਾ ਹੈ ਇਸ ਕਾਰਨ ਕਰਕੇ, ਉਸਨੂੰ ਜ਼ਮੀਨ ‘ਤੇ ਹੀ ਰਹਿਣ ਦਵੋ। ਦੂਜੇ ਪਾਸੇ ਬਿਜਲੀ ਦੀ ਸਪਲਾਈ ਬੰਦ ਹੋਣ ਦੇ ਮਾਮਲੇ ‘ਤੇ ਉਨ੍ਹਾਂ ਕਿਹਾ ਕਿ ਖਰਾਬ ਮੌਸਮ ਅਤੇ ਮੀਂਹ ਕਾਰਨ ਬਿਜਲੀ ਸਪਲਾਈ ਵਿੱਚ ਮੁਸ਼ਕਲ ਆ ਰਹੀ ਸੀ।