ਰੂਪਨਗਰ, 22 ਮਈ 2021 – ਆਰ ਐਸ ਐਸ ਵਲੋਂ ਸਿਵਲ ਹਸਪਤਾਲ ਵਿਚ ਅੱਜ ਲਗਾਇਆ ਜਾਣ ਵਾਲਾ  ਖੂਨਦਾਨ ਕੈਂਪ ਕਿਸਾਨਾਂ ਦੇ ਵਿਰੋਧ ਕਾਰਨ ਨਹੀਂ ਲੱਗ ਸਕਿਆ।ਆਰਐਸਐਸ ਦੇ ਖੂਨਦਾਨ ਕੈਂਪ ਦੇ ਮੱਦੇਨਜ਼ਰ  ਪੁਲਿਸ ਪ੍ਰਸ਼ਾਸਨ ਵਲੋਂ ਵੱਡੀ ਗਿਣਤੀ ਚ ਪੁਲਿਸ ਕਰਮਚਾਰੀ ਬੇਲਾ ਚੌਕ ਵਿਖੇ ਤੈਨਾਤ ਕੀਤੇ ਗਏ ਸਨ। ਇਥੇ ਕਿਸਾਨਾਂ ਅਤੇ ਔਰਤਾਂ ਵਲੋਂ ਆਰਐੱਸਐੱਸ ਅਤੇ ਭਾਜਪਾ ਦੇ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ।

ਇਸ ਦੌਰਾਨ ਡੀਐੱਸਪੀ ਤਲਵਿੰਦਰ ਸਿੰਘ ਦੀ ਅਗਵਾਈ ਹੇਠ ਥਾਣਾ ਸਿਟੀ ਇੰਚਾਰਜ ਰਾਜੀਵ ਚੌਧਰੀ ਤਾਇਨਾਤ ਰਹੇ। ਕਿਸਾਨ ਆਗੂ ਮੋਹਣ ਸਿੰਘ ਅਤੇਬ ਹੋਰ ਕਿਸਾਨਾਂ ਨੇ ਧਮਾਣਾ ਨੇ ਥਾਣਾ ਸਿਟੀ ਇੰਚਾਰਜ ਰਾਜੀਵ ਚੌਧਰੀ ਨਾਲ ਸਿਵਲ ਹਸਪਤਾਲ ਰੋਪੜ ਦੇ ਐਸ.ਐਮ.ੳ. ਤੋਂ ਪੁੱਛ ਪੜਤਾਲ ਕੀਤੀ ਅਤੇ ਬਲੱਡ ਬੈਂਕ ਪਹੁੰਚ ਕੇ ਵੀ ਦੇਖਿਆ ਕਿ ਇਥੇ ਆਰਐਸਐੱਸ ਵਲੋਂ ਖੂਨਦਾਨ ਕੈਂਪ ਤਾਂ ਨਹੀਂ ਲਗਾਇਆ ਗਿਆ, ਇਥੇ ਬਲੱਡ ਬੈਂਕ ਵਿਚ ਵੀ ਕੋਈ ਬਲੱਡ ਬੈਂਕ ਨਹੀਂ ਲੱਗਿਆ ਸੀ।

ਬੇਲਾ ਚੌਕ ਵਿਖੇ ਕਿਸਾਨਾਂ ਦੇ ਧਰਨੇ ਨੂੰ ਸੰਬੋਧਨ ਕਰਦੇ ਹੋਏ ਕਾਮਰੇਡ ਮੋਹਣ ਸਿੰਘ ਧਮਾਣਾ, ਕਿਸਾਨ ਆਗੂ ਰੁਪਿੰਦਰ ਸਿੰਘ ਰੂਪਾ, ਰਣਵੀਰ ਸਿੰਘ ਰੰਧਾਵਾ, ਲੋਕ ਇਨਸਾਫ ਪਾਰਟੀ ਦੇ ਜਰਨੈਲ ਸਿੰਘ  ਭਾਉਵਾਲ, ਕਾਮਰੇਡ ਗੁਰਦੇਵ ਸਿੰਘ ਬਾਗੀ ਨੇ ਕਿਹਾ ਕਿ ਮੋਦੀ ਸਰਕਾਰ ਜਦੋਂ ਤੱਕ ਕਿਸਾਨ ਵਿਰੋਧੀ ਖੇਤੀ ਕਾਨੂੰਨ ਰੱਦ ਨਹੀਂ ਕਰਦੀ ਉਦੋ ਤੱਕ ਭਾਜਪਾ ਅਤੇ ਆਰਐੱਸਐੱਸ ਦਾ ਵਿਰੋਧ ਜਾਰੀ ਰੱਖਿਆ ਜਾਵੇਗਾ।ਕਾਮਰੇਡ ਮੋਹਣ ਸਿੰਘ ਧਮਾਣਾ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਦੌਰਾਨ ਮੋਦੀ ਸਰਕਾਰ ਵਲੋਂ ਲੋਕਾਂ ਦੀ ਸਹਾਇਤਾ ਲਈ ਕੁੱਝ ਨਹੀਂ ਕੀਤਾ ਗਿਆ ਹੈ, ਜਦੋਂ ਕਿ ਬਾਹਰੀ ਦੇਸ਼ਾਂ ਵਲੋਂ ਲੋਕਾਂ ਨੂੰ ਮੱਦਦ ਲਈ ਪੈਸੇ ਅਤੇ ਰਾਸ਼ਨ ਦਿੱਤਾ ਗਿਆ ਅਤੇ ਲਾਕਡਾਊਨ ਵੀ ਨਹੀਂ ਲਗਾਇਆ ਗਿਆ।

ਮੋਹਣ ਸਿੰਘ ਧਮਾਣਾ ਨੇ ਕਿਹਾ ਕਿ ਕਿਸਾਨ ਜੱਥੇਬੰਦੀਆਂ ਵਲੋਂ ਭਾਜਪਾ ਦਾ ਲਗਾਤਾਰ ਵਿਰੋਧ ਜਾਰੀ ਰੱਖਿਆ ਜਾਵੇਗਾ ਅਤੇ ਖੂਨਦਾਨ ਕੈਂਪ ਅਤੇ ਹੋਰ ਸਮਾਗਮ ਨਹੀਂ ਕਰਨ ਦਿੱਤੇ ਜਾਣਗੇ। ਕਿਸਾਨ ਆਗੂ ਰੁਪਿੰਦਰ ਸਿੰਘ ਰੂਪਾ ਨੇ ਕਿਹਾ ਕਿ ਇਕ ਪਾਸੇ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਕਿਸਾਨ ਜੱਥੇਬੰਦੀਆਂ ਵਲੋਂ ਦਿੱਲੀ ਵਿਖੇ ਸੰਘਰਸ਼ ਕੀਤਾ ਜਾ ਰਿਹਾ ਹੈ ਅਤੇ ਸੈਕੜੇ ਕਿਸਾਨ ਸ਼ਹੀਦੀਆਂ ਪਾ ਚੁੱਕੇ ਹਨ।  ਆਰਐੱਸਐੱਸ ਵਾਲੇ ਪੰਜਾਬ ਵਿਚ ਆ ਕੇ ਮਾਹੌਲ ਨੂੰ ਖਰਾਬ ਕਰ ਰਹੇ ਹਨ ਅਤੇ ਇਨ੍ਹਾਂ ਨੂੰ ਕਦੇ ਵੀ ਖੂਨਦਾਨ ਕੈਂਪ ਲਗਾਉਣ ਨਹੀਂ ਦਿੱਤਾ ਜਾਵੇਗਾ।

ਸਿਵਲ ਹਸਪਤਾਲ ਰੂਪਨਗਰ ਦੇ ਐੱਸਐੱਮਓ ਡਾਕਟਰ ਤਰਸੇਮ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਹੀ ਖੁਨਦਾਨ ਕੇਂਪ ਲਗਾਉਣ ਵਾਲੇ ਆਯੋਜਕਾਂ ਨੇ ਕਹਿ ਦਿਤਾ ਸੀ ਕਿ ਅੱਜ ਲਗਣ ਵਾਲਾ ਖੂਨਦਾਨ ਕੈਂਪ ਕੈਂਸਲ ਕਰ ਦਿਤਾ ਜਾਵੇ।ਜਦੋਂ ਇਸ ਸਬੰਧੀ ਆਰ ਐਸ ਐਸ ਦੇ ਪ੍ਰਚਾਰਕ ਦੀਪਕ ਸ਼ਰਮਾ ਨਾਲ ਗਲ ਕੀਤੀ ਗਈ ਤਾਂ ਉਨਾਂ ਦਸਿਆ ਕਿ ਇਹ ਕੈਂਪ ਕੱਲ੍ਹ ਹੀ ਭਾਈਚਾਰਕ ਸਾਂਝ ਦੇ ਮਦੇਨਜ਼ਰ ਕੈਂਸਲ ਕਰ ਦਿਤਾ ਗਿਆ ਸੀ ਤਾਂ ਜੋ ਸ਼ਾਂਤੀ ਬਣੀ ਰਹੇ ਅਤੇ ਕਿਸੇ ਦੀ ਭਾਵਨਾ ਨੂੰ ਠੇਸ ਨਾ ਪਹੁੰਚੇ। ਜਦੋ ਆਰ.ਐਸ.ਐਸ.ਦੇ ਜਿਲਾ ਪ੍ਰਮੱਖ ਬੋਧ ਰਾਜ ਗਲ ਕਰਨੀ ਚਾਹੀ ਤਾਂ ਉਨਾਂ ਕਿਹਾ ਕਿ ਉਹ ਇਕ ਮੀਟਿੰਗ ਵਿਚ ਰੁਝੇ ਹੋਏ ਹਨ।ਇਸ ਤੋਂ ਪਹਿਲਾਂ 20 ਮਈ ਨੂੰ ਨੂਰਪੁਰ ਬੇਦੀ ਵਿਖੇ ਆਰਐੱਸਐਸ ਦੇ ਖੂਨਦਾਨ ਕੈਂਪ ਦੌਰਾਨ ਸਿਵਲ ਹਸਪਤਾਲ ਰੋਪੜ ਤੋਂ ਬਲੱਡ ਬੈਂਕ ਦੀ ਟੀਮ ਗਈ ਸੀ ਪਰ ਉਥੇ ਕਿਸਾਨਾਂ ਦੇ ਵਿਰੋਧ ਕਾਰਨ ਕੈਂਪ ਨਹੀਂ ਲਗ ਸਕਿਆ।

Leave a Reply

Your email address will not be published. Required fields are marked *