ਚੰਡੀਗੜ੍ਹ, 26 ਮਈ 2021 – ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਕਾਲੇ ਕਾਨੂੰਨਾਂ ਦੇ  ਅਤੇ ਕਰੋਨਾ ਦੇ ਖਾਤਮੇ ਲਈ ਸੰਘਰਸ਼ ਦੇ ਪਸਾਰੇ ਅਤੇ ਮਜ਼ਬੂਤੀ ਲਈ ਅੱਜ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ 16 ਜਿਲ੍ਹਿਆਂ ਦੇ 1600 ਤੋਂ ਵੱਧ ਪਿੰਡਾਂ ਵਿੱਚ ਅਤੇ 39 ਥਾਵਾਂ ‘ਤੇ ਚੱਲ ਰਹੇ ਪੱਕੇ ਧਰਨਿਆਂ ਵਿੱਚ ਪੂਰੇ ਰੋਸ-ਜੋਸ਼ ਨਾਲ ਮਨਾਇਆ ਗਿਆ। ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ  ਇੱਥੇ ਜਾਰੀ ਕੀਤੇ ਗਏ ਪ੍ਰੈਸ ਰਿਲੀਜ਼ ਵਿੱਚ ਦੱਸਿਆ ਹੈ ਕਿ ਹਰ ਪਿੰਡ ਵਿੱਚ ਘਰਾਂ, ਦੁਕਾਨਾਂ ਅਤੇ ਟ੍ਰੈਕਟਰਾਂ ਆਦਿ ਸਾਰੇ ਵਹੀਕਲਾਂ ਧਰਨਿਆਂ ਦੇ ਪੰਡਾਲਾਂ ਵਿੱਚ ਵੀ ਰੋਸ ਵਜੋਂ ਕਾਲੇ ਝੰਡੇ ਬੰਨ੍ਹੇ ਗਏ ਅਤੇ ਜੋਸ਼ੀਲੇ ਰੋਹ ਭਰਪੂਰ ਨਾਹਰੇ ਮਾਰਦੇ ਹੋਏ ਮੋਦੀ ਭਾਜਪਾ ਹਕੂਮਤ ਤੇ ਸਾਮਰਾਜੀ ਗੱਠਜੋੜ ਦੀਆਂ ਅਰਥੀਆਂ ਸਾੜੀਆਂ ਗਈਆਂ। ਉਨ੍ਹਾਂ ਦੱਸਿਆ ਕਿ  ਬਹੁਤ ਸਾਰੇ ਸ਼ਹਿਰਾਂ ਕਸਬਿਆਂ ਵਿੱਚ ਇਸ ਪਰੋਗਰਾਮ ਵਿੱਚ ਕਿਸਾਨਾਂ ਮਜਦੂਰਾਂ ਤੋਂ ਇਲਾਵਾ ਸਮੂਹ ਕਿਰਤੀ,ਦੁਕਾਨਦਾਰ, ਮੁਲਾਜ਼ਮ ਅਤੇ ਵਿਦਿਆਰਥੀ ਨੌਜਵਾਨ ਵੀ ਸ਼ਾਮਲ ਹੋਏ।

ਉਨ੍ਹਾਂ ਦੱਸਿਆ ਕਿ  ਵੱਖ ਵੱਖ ਥਾਵਾਂ ‘ਤੇ ਇਕੱਠਾਂ ਨੂੰ ਸੰਬੋਧਨ ਕਰਨ ਵਾਲੇ ਮੁੱਖ ਬੁਲਾਰਿਆਂ ਵਿੱਚ ਸੂਬਾਈ ਆਗੂਆਂ ਹਰਦੀਪ ਸਿੰਘ ਟੱਲੇਵਾਲ, ਜਨਕ ਸਿੰਘ ਭੁਟਾਲ,ਜਗਤਾਰ ਸਿੰਘ ਕਾਲਾਝਾੜ ਤੋਂ ਇਲਾਵਾ ਜਿਲ੍ਹਾ ਪੱਧਰੇ ਮੁੱਖ ਆਗੂ ਸ਼ਾਮਲ ਸਨ। ਬੁਲਾਰਿਆਂ ਵੱਲੋਂ ਤਿੰਨੇ ਕਾਲ਼ੇ ਖੇਤੀ ਕਾਨੂੰਨ, ਬਿਜਲੀ ਬਿੱਲ 2020 ਅਤੇ ਪਰਾਲੀ ਆਰਡੀਨੈਂਸ ਰੱਦ ਕਰਨ ਤੋਂ ਇਲਾਵਾ ਐਮ ਐਸ ਪੀ ‘ਤੇ ਸਾਰੀਆਂ ਫ਼ਸਲਾਂ ਦੀ ਖਰੀਦ ਦੀ ਗਰੰਟੀ ਦਾ ਕਾਨੂੰਨ ਬਣਾਉਣ ਅਤੇ ਜਨਤਕ ਵੰਡ ਪ੍ਰਨਾਲੀ ਸਾਰੇ ਗਰੀਬ ਲੋਕਾਂ ਲਈ ਲਾਗੂ ਕਰਨ ਵਰਗੀਆਂ ਮੁੱਖ ਮੰਗਾਂ ਮੰਨੇ ਜਾਣ ‘ਤੇ ਜੋਰ ਦਿੱਤਾ ਗਿਆ। ਨਾਲ ਹੀ ਕਰੋਨਾ ਰੋਕਥਾਮ ਲਈ ਲੋੜੀਂਦੇ ਪ੍ਰਬੰਧਾਂ ਸੰਬੰਧੀ ਠੋਸ ਮੰਗਾਂ ਵੀ ਉਭਾਰੀਆਂ ਗਈਆਂ। ਜਿਵੇਂ ਕਿ ਸਾਰੇ ਵੱਡੇ ਪ੍ਰਾਈਵੇਟ ਹਸਪਤਾਲ ਸਰਕਾਰੀ ਕੰਟਰੋਲ ਹੇਠ ਲਏ ਜਾਣ ਅਤੇ ਲੋੜੀਂਦੇ ਬੈੱਡਾਂ, ਵੈਂਟੀਲੇਟਰਾਂ ਅਤੇ ਆਕਸੀਜਨ ਸਿਲੰਡਰਾਂ ਆਦਿ ਦੇ ਪੂਰੇ ਪ੍ਰਬੰਧ ਕੀਤੇ ਜਾਣ। ਮੈਡੀਕਲ ਸਟਾਫ਼ ਦੀ ਭਾਰੀ ਥੁੜ੍ਹੋਂ ਦੀ ਪੂਰਤੀ ਲਈ ਨਵੀਂ ਭਰਤੀ ਤੁਰੰਤ ਕੀਤੀ ਜਾਵੇ।

ਬਚਾਓ ਵਾਲੀ ਵੈਕਸੀਨ ਸਾਰੇ ਲੋਕਾਂ ਨੂੰ ਮੁਫ਼ਤ ਮੁਹੱਈਆ ਕਰਵਾਈ ਜਾਵੇ। ਮੁਫ਼ਤ ਟੈਸਟਾਂ ਦਾ ਹਰੇਕ ਸ਼ਹਿਰ, ਕਸਬੇ, ਪਿੰਡ ਵਿੱਚ ਪ੍ਰਬੰਧ ਕੀਤਾ ਜਾਵੇ।   ਸਾਰੇ ਪ੍ਰਬੰਧਾਂ ਲਈ ਲੋੜੀਂਦਾ ਬਜਟ ਤੁਰੰਤ ਜੁਟਾਇਆ ਜਾਵੇ ਅਤੇ ਇਹਦੀ ਖਾਤਰ ਕਾਰਪੋਰੇਟ ਘਰਾਣਿਆਂ ਸਮੇਤ ਜਗੀਰਦਾਰਾਂ ਤੇ ਵੱਡੇ ਪੂੰਜੀਪਤੀਆਂ ਤੋਂ ਭਾਰੀ ਟੈਕਸ ਵਸੂਲੇ ਜਾਣ। ਸਾਵਧਾਨੀਆਂ ਪ੍ਰਤੀ ਪਿੰਡ ਪਿੰਡ ਵਿਆਪਕ ਸਿੱਖਿਆ ਮੁਹਿੰਮ ਰਾਹੀਂ ਲੋਕਾਂ ਨੂੰ ਜਾਗ੍ਰਿਤ ਕੀਤਾ ਜਾਵੇ ਅਤੇ ਕੁਟਾਪੇ, ਚਲਾਣ, ਗ੍ਰਿਫ਼ਤਾਰੀਆਂ ਜਾਂ ਕਰਫਿਊ ਵਰਗਾ ਜਾਬਰ ਸਿਲਸਿਲਾ ਤੁਰੰਤ ਠੱਪ ਕੀਤਾ ਜਾਵੇ। ਵੈਕਸੀਨ ਵੀ ਜ਼ਬਰਦਸਤੀ ਲਾਉਣ ਦੀ ਬਜਾਏ ਇਸ ਸੰਬੰਧੀ ਪੈਦਾ ਹੋਏ ਸ਼ੰਕੇ ਜਾਗ੍ਰਿਤੀ ਮੁਹਿੰਮ ਵਿੱਢ ਕੇ ਸਿਹਤ ਅਮਲੇ ਦੁਆਰਾ ਨਵਿਰਤ ਕੀਤੇ ਜਾਣ। ਉਨ੍ਹਾਂ ਨੇ ਕੇਂਦਰ ਤੇ ਪੰਜਾਬ ਸਰਕਾਰ ਵੱਲੋਂ ਪੱਕੇ ਮੋਰਚਿਆਂ ਵਿੱਚ ਸ਼ਾਮਲ ਕਿਸਾਨਾਂ ਉੱਤੇ ਕਰੋਨਾ ਫੈਲਾਉਣ ਦੇ ਦੋਸ਼ਾਂ ਨੂੰ ਸਰਾਸਰ ਬੇਬੁਨਿਆਦ ਗਰਦਾਨਦਿਆਂ ਉਲਟਾ ਇਸ ਮਹਾਂਮਾਰੀ ਦੇ ਫੈਲਣ ਲਈ ਇਨ੍ਹਾਂ ਹੀ ਸਰਕਾਰਾਂ ਦੇ ਨਾਕਸ ਪ੍ਰਬੰਧਾਂ ਨੂੰ ਜ਼ਿੰਮੇਵਾਰ ਦੱਸਿਆ।

ਉਨ੍ਹਾਂ ਦੱਸਿਆ ਕਿ ਜਥੇਬੰਦੀ ਵੱਲੋਂ ਕਰੋਨਾ ਰੋਕਥਾਮ ਲਈ ਖੁਦ ਆਪਣੇ ਵੱਲੋਂ ਟਿਕਰੀ ਬਾਰਡਰ ਦਿੱਲੀ ਵਿਖੇ ਮਾਸਕਾਂ,ਆਪਸੀ ਦੂਰੀ, ਆਕਸੀਜਨ ਸਿਲੰਡਰਾਂ ਤੇ ਬੈੱਡਾਂ ਵਾਲਾ ਆਰਜ਼ੀ ਹਸਪਤਾਲ ਅਤੇ ਡਾਕਟਰਾਂ, ਦਵਾਈਆਂ,ਸੈਨੇਟਾਈਜ਼ਰਾਂ, ਕਾੜ੍ਹਿਆਂ ਆਦਿ ਦੇ ਪ੍ਰਬੰਧ ਕਰਨ ਸਮੇਤ ਪੰਜਾਬ ਵਿੱਚ ਚੱਲ ਰਹੇ ਸਾਰੇ ਪੱਕੇ ਮੋਰਚਿਆਂ ਵਿੱਚ ਵੀ ਅਜਿਹੇ ਲੋੜੀਂਦੇ ਮੁੱਢਲੇ ਪ੍ਰਬੰਧ ਕੀਤੇ ਗਏੇ ਹਨ। ਉਨ੍ਹਾਂ ਦੱਸਿਆ ਕਿ 23 ਮਈ ਤੋਂ ਸ਼ੁਰੂ ਕੀਤੇ ਗਏ ਕਿਸਾਨਾਂ ਮਜ਼ਦੂਰਾਂ ਦੇ ਵੱਡੇ ਕਾਫਲੇ ਹਰ ਐਤਵਾਰ ਦਿੱਲੀ ਮੋਰਚੇ ਵਿੱਚ ਭੇਜੇ ਜਾਣਗੇ। ਉਨ੍ਹਾਂ ਦੱਸਿਆ ਕਿ ਕੇਂਦਰ ਦੇ ਕਾਲੇ ਕਾਨੂੰਨਾਂ ਵਿਰੁੱਧ ਲੜਾਈ ਨੂੰ ਹੋਰ ਮਜ਼ਬੂਤ ਕਰਨ ਲਈ ਜਥੇਬੰਦੀ ਵੱਲੋਂ ਕਰੋਨਾ ਦੇ ਅਸਰਦਾਰ ਟਾਕਰੇ ਸੰਬੰਧੀ ਮੰਗਾਂ ਤੁਰੰਤ ਲਾਗੂ ਕਰਵਾਉਣ ਲਈ ਪੰਜਾਬ ਸਰਕਾਰ ਨੂੰ ਹਲੂਣਾ ਦੇਣ ਖਾਤਰ 28,29,30 ਮਈ ਨੂੰ ਪਟਿਆਲਾ ਵਿਖੇ ਜਰੂਰੀ ਸਾਵਧਾਨੀਆਂ ਵਰਤਦੇ ਹੋਏ ਦਿਨ-ਰਾਤ ਦਾ ਸੂਬਾਈ ਧਰਨਾ  ਲਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਧਰਨੇ ਦੀਆਂ ਮੰਗਾਂ ਤੇ ਸਾਵਧਾਨੀਆਂ ਬਾਰੇ ਵੀ ਜਥੇਬੰਦੀ ਵੱਲੋਂ ਪਿੰਡ ਪਿੰਡ ਵਿਆਪਕ ਜਾਗ੍ਰਿਤੀ ਮੁਹਿੰਮ ਚਲਾਈ ਜਾ ਰਹੀ ਹੈ।

Leave a Reply

Your email address will not be published. Required fields are marked *