ਸਰੀ, 31 ਮਈ 2021: ਪੰਜਾਬੀ ਲੈਂਗੂਏਜ ਐਜੂਕੇਸ਼ਨ ਅਸੋਸੀਏਸ਼ਨ (ਪਲੀਅ) ਵੱਲੋਂ ਕੈਨੇਡਾ ਵਿਚ 2021 ਦੀ ਚੱਲ ਰਹੀ ਮਰਦਮਸ਼ੁਮਾਰੀ ਬਾਰੇ ਪਏ ਕੁਝ ਲੋਕਾਂ ਵਿਚ ਭੰਬਲਭੂਸੇ ਨੂੰ ਸਪਸ਼ਟ ਕਰਦਿਆਂ ਕਿਹਾ ਹੈ ਕਿ ਮਰਦਮਸ਼ੁਮਾਰੀ ਜਾਰੀ ਹੈ ਅਤੇ ਅਜੇ ਵੀ ਜੂਨ ਦੇ ਮਹੀਨੇ ਦੌਰਾਨ ਫਾਰਮ ਭਰ ਕੇ ਲੋਕ ਆਪਣੀ ਜਾਣਕਾਰੀ ਭੇਜ ਸਕਦੇ ਹਨ। ਪਲੀਅ ਦੇ ਪ੍ਰਧਾਨ ਬਲਵੰਤ ਸਿੰਘ ਸੰਘੇੜਾ ਨੇ ਦੱਸਿਆ ਹੈ ਕਿ ਮਰਦਮਸ਼ੁਮਾਰੀ ਲਈ 11 ਮਈ ਦਾ ਦਿਨ ਨਿਸ਼ਚਤ ਕਰਨ ਦਾ ਮਤਲਬ ਇਹ ਹੈ ਕਿ ਇਹ ਮਰਦਮਸ਼ੁਮਾਰੀ 11 ਮਈ ਦੇ ਆਧਾਰ ਤੇ ਹੋ ਰਹੀ ਹੈ ਅਰਥਾਤ ਉਸ ਦਿਨ ਜਿੱਥੇ ਕੋਈ ਰਹਿੰਦਾ ਸੀ, ਉੱਥੋਂ ਦਾ ਵੇਰਵਾ ਦਰਜ ਕਰਨਾ ਹੈ। ਉਨ੍ਹਾਂ ਕਿਹਾ ਕਿ ਕਈ ਲੋਕਾਂ ਇਹ ਸਮਝ ਬੈਠੇ ਹਨ ਕਿ ਸਬੰਧਤ ਫਾਰਮ ਸਿਰਫ 11 ਮਈ ਤੱਕ ਹੀ ਭੇਜੇ ਜਾਣੇ ਸਨ ਅਤੇ ਹੁਣ ਉਹ ਮਰਦਮਸ਼ੁਮਾਰੀ ਵਿਚ ਹਿੱਸਾ ਨਹੀਂ ਲੈ ਸਕਦੇ ਜਦੋਂ ਕਿ ਅਸਲੀਅਤ ਇਹ ਹੈ ਕਿ ਹਾਲੇ ਵੀ ਇਹ ਫਾਰਮ ਭੇਜੇ ਜਾ ਸਕਦੇ ਹਨ। ਸਟੈਟਿਕਟਸ ਕੈਨੇਡਾ ਦੇ ਅਧਿਕਾਰੀਆਂ ਅਨੁਸਾਰ ਹਾਲੇ ਵੀ ਇਹ ਫਾਰਮ ਭਰ ਕੇ ਭੇਜਣ ਲਈ ਲੋਕਾਂ ਕੋਲ ਕਾਫੀ ਸਮਾਂ ਹੈ। ਉਨ੍ਹਾਂ ਕਿਹਾ ਕਿ ਜੇ ਅਜੇ ਤੱਕ ਕਿਸੇ ਨੂੰ ਇਹ ਫਾਰਮ ਨਹੀਂ ਮਿਲੇ ਜਾਂ ਉਹ ਔਨ-ਲਾਈਨ ਫਾਰਮ ਨਹੀਂ ਭਰ ਸਕਦੇ ਅਤੇ ਉਹਨਾਂ ਨੂੰ ਪੇਪਰ ਫਾਰਮਾਂ ਦੀ ਲੋੜ ਹੈ ਤਾਂ ਉਹ 1-855-340-2021 ਨੰਬਰ ਤੇ ਫੋਨ ਕਰ ਕੇ ਇਹ ਫਾਰਮ ਮੰਗਵਾ ਸਕਦੇ ਹਨ।
ਸ. ਸੰਘੇੜਾ ਨੇ ਮਰਦਮਸ਼ੁਮਾਰੀ ਦੀ ਮਹੱਤਤਾ ਬਾਰੇ ਦਸਦਿਆਂ ਕਿਹਾ ਹੈ ਕਿ ਹਰ ਪੰਜ ਸਾਲ ਬਾਅਦ ਸਟੈਟਿਸਟਿਕਸ ਕੈਨੇਡਾ ਸਮੁੱਚੇ ਦੇਸ਼ ਵਿਚ ਮਰਦਮਸ਼ੁਮਾਰੀ ਕਰਦਾ ਹੈ। ਮਰਦਮਸ਼ੁਮਾਰੀ ਨਾਲ ਸਰਕਾਰ ਨੂੰ ਕੈਨੇਡਾ ਦੀ ਸੱਭਿਆਚਾਰਕ,ਅਮੀਰ ਵਿਭਿੰਨਤਾ ਅਤੇ ਭਾਸ਼ਾਵਾਂ ਸਬੰਧੀ ਜਾਣਕਾਰੀ ਹਾਸਲ ਹੁੰਦੀ ਹੈ ਅਤੇ ਇਸ ਜਾਣਕਾਰੀ ਦੇ ਆਧਾਰ ਤੇ ਹੀ ਗੌਰਮਿੰਟ ਬਦਲ ਰਹੇ ਸਮਾਜਿਕ ਅਤੇ ਆਰਥਿਕ ਝੁਕਾਵਾਂ ਨੂੰ ਮੁੱਖ ਰੱਖ ਕੇ ਕੈਨੇਡੀਅਨ ਪਰਿਵਾਰਾਂ, ਨੇਬਰਹੁੱਡ ਅਤੇ ਕਾਰੋਬਾਰਾਂ ਬਾਰੇ ਆਪਣੀਆਂ ਯੋਜਨਾਵਾਂ ਉਲੀਕਦੀ ਹੈ। ਉਨ੍ਹਾਂ ਕਿਹਾ ਕਿ ਹਰ ਇਕ ਕੈਨੇਡੀਅਨ ਸ਼ਹਿਰੀ,ਚਾਹੇ ਉਹ ਸਿਟੀਜ਼ਨ ਹੈ, ਪੀ.ਆਰ. ਹੈ, ਵਰਕ ਪਰਮਿਟ ਤੇ ਹੈ ਜਾਂ ਅੰਤਰਰਾਸ਼ਟਰੀ ਵਿਦਿਆਰਥੀ ਹੈ, ਸਭ ਨੂੰ ਮਰਦਮਸ਼ੁਮਾਰੀ ਵਿਚ ਭਾਗ ਲੈਣ ਦਾ ਹੱਕ ਹੈ ਅਤੇ ਇਹ ਉਹਦਾ ਫਰਜ਼ ਵੀ ਹੈ।
ਉਨ੍ਹਾਂ ਦੱਸਿਆ ਕਿ ਇਸ ਵਾਰ ਮਰਦਮਸ਼ੁਮਾਰੀ ਲਈ ਦੋ ਫਾਰਮ ਹਨ-ਛੋਟਾ ਅਤੇ ਲੰਮਾਂ ਫਾਰਮ। 75 ਪ੍ਰਤੀਸ਼ਤ ਵਾਸੀਆਂ ਲਈ ਛੋਟਾ ਫਾਰਮ ਭਰਨਾ ਪਵੇਗਾ। ਇਹ ਕੰਮ ਬਹੁਤ ਸੌਖਾ ਹੈ । ਸਿਰਫ 25 ਪ੍ਰਤੀਸ਼ਤ ਸ਼ਹਿਰੀਆਂ ਨੂੰ ਲੰਮਾ ਫਾਰਮ ਭਰਨਾ ਪਵੇਗਾ। ਦੋਹਾਂ ਫਾਰਮਾਂ ਵਿਚ ਮਾਂ ਬੋਲੀ ਬਾਰੇ ਵੀ ਕੁਝ ਸਵਾਲ ਹਨ ਅਤੇ ਅੰਗਰੇਜ਼ੀ,ਫਰਾਂਸੀਸੀ, ਪੰਜਾਬੀ ਆਦਿ ਹੋਰ ਭਾਸ਼ਾਵਾਂ ਵਿੱਚੋਂ ਆਪਣੀ ਭਾਸ਼ਾ ਦੀ ਚੋਣ ਕਰਨੀ ਹੈ। 2016 ਦੀ ਮਰਦਮ ਸ਼ੁਮਾਰੀ ਅਨੁਸਾਰ 568,375 ਲੋਕਾਂ ਨੇ ਪੰਜਾਬੀ ਨੂੰ ਆਪਣੀ ਮਾਂ ਬੋਲੀ ਵਜੋਂ ਚੁਣਿਆ ਸੀ। ਪਿਛਲੇ ਪੰਜ ਸਾਲਾਂ ਦੌਰਾਨ ਮਾਂ ਬੋਲੀ ਪੰਜਾਬੀ ਬੋਲਣ ਵਾਲੇ ਕਾਫੀ ਹੋਰ ਸ਼ੁਭਚਿੰਤਕ ਕੈਨੇਡਾ ਆਏ ਹਨ। ਇਕ ਅੰਦਾਜ਼ੇ ਅਨੁਸਾਰ ਇਸ ਵੇਲੇ ਘੱਟੋ ਘੱਟ ਇਕ ਮਿਲਅਨ (ਦਸ ਲੱਖ) ਪੰਜਾਬੀ ਦੇ ਬੁਲਾਰੇ ਕੈਨੇਡਾ ਵਿਚ ਵਸਦੇ ਹਨ।
ਬਲਵੰਤ ਸਿੰਘ ਸੰਘੇੜਾ ਨੇ ਪੰਜਾਬੀ ਲੈਂਗੂਏਜ ਐਜੂਕੇਸ਼ਨ ਅਸੋਸੀਏਸ਼ਨ (ਪਲੀਅ) ਵੱਲੋਂ ਪੰਜਾਬੀ ਭਾਸ਼ਾ ਦੇ ਹਰ ਇਕ ਸ਼ੁਭਚਿੰਤਕ ਨੂੰ ਅਪੀਲ ਕੀਤੀ ਹੈ ਕਿ ਜੇ ਤੁਸੀਂ ਹਾਲੇ ਤੱਕ ਮਰਦਮਸ਼ੁਮਾਰੀ ਦੇ ਫਾਰਮ ਭਰ ਕੇ ਨਹੀਂ ਭੇਜੇ ਤਾਂ ਇਹ ਫਾਰਮ ਭਰ ਕੇ ਜ਼ਰੂਰ ਭੇਜੋ। ਮਰਦਮਸ਼ੁਮਾਰੀ ਵਿਚ ਵੱਧ ਚੜ੍ਹ ਕੇ ਯੋਗਦਾਨ ਪਾਇਆ ਜਾਵੇ ਅਤੇ ਮਾਂ ਬੋਲੀ ਪੰਜਾਬੀ ਦੀ ਚੋਣ ਕੀਤੀ ਜਾਵੇ। ਮਰਦਮਸ਼ੁਮਾਰੀ ਰਾਹੀਂ ਆਪਣੀ ਮਾਂ ਬੋਲੀ ਪੰਜਾਬੀ ਦਾ ਮਾਣ ਵਧਾਉਣ ਦਾ ਸਾਡੇ ਲਈ ਇਹ ਬਹੁਤ ਚੰਗਾ ਮੌਕਾ ਹੈ। ਉਨ੍ਹਾਂ ਇਸ ਸਬੰਧ ਵਿਚ ਕਿਸੇ ਕਿਸਮ ਦੀ ਸਹਾਇਤਾ ਲਈ ਫੋਨ ਨੰਬਰ 1-855-340-2021 ਤੇ ਸੰਪਰਕ ਕਰਨ ਲਈ ਕਿਹਾ ਹੈ।