ਚੰਡੀਗੜ੍ਹ : ਇਤਿਹਾਸਕ ਕਸਬਾ ਮਾਲੇਰਕੋਟਲਾ ਅੱਜ ਮਤਲਬ ਕਿ 7 ਜੂਨ ਨੂੰ ਸੂਬੇ ਦਾ 23ਵਾਂ ਜ਼ਿਲ੍ਹਾ ਬਣ ਗਿਆ ਹੈ। ਇਸ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਪੰਜਾਬ ਦੇ 23ਵੇਂ ਜ਼ਿਲ੍ਹੇ ਵੱਜੋਂ ਵਿਸ਼ੇਸ਼ ਇਤਿਹਾਸਕ ਮਹੱਤਤਾ ਰੱਖਣ ਵਾਲੇ ਮਾਲੇਰਕੋਟਲਾ ਦਾ ਉਦਘਾਟਨ ਕਰਦਿਆਂ ਉਨ੍ਹਾਂ ਨੂੰ ਖ਼ੁਸ਼ੀ ਹੋਈ ਹੈ। ਮਾਲੇਰਕੋਟਲਾ ਦੇ ਜ਼ਿਲ੍ਹਾ ਬਣਨ ਮੌਕੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਸ ਸਬੰਧੀ ਵੱਖ-ਵੱਖ ਵਿਕਾਸ ਪ੍ਰਾਜੈਕਟਾਂ ਦਾ ਐਲਾਨ ਕੀਤਾ ਗਿਆ ਹੈ।
ਜਾਣੋ ਕੈਪਟਨ ਵੱਲੋਂ ਕੀਤੇ ਗਏ ਐਲਾਨ
ਨੌਜਵਾਨ ਕੁੜੀ-ਮੁੰਡਿਆਂ ਨੂੰ ਡਾਕਟਰੀ ਸਿੱਖਿਆ ਦੇਣ ਲਈ 500 ਕਰੋੜ ਦੀ ਲਾਗਤ ਨਾਲ ਨਵਾਬ ਸ਼ੇਰ ਮੁਹੰਮਦ ਖਾਨ ਨਾਂ ਦਾ ਸਰਕਾਰੀ ਮੈਡੀਕਲ ਕਾਲਜ ਸਥਾਪਿਤ ਕੀਤਾ ਜਾਵੇਗਾ।
ਜ਼ਿਲ੍ਹੇ ਅੰਦਰ 10 ਕਰੋੜ ਦੀ ਲਾਗਤ ਨਾਲ ਨਵਾਂ ਬੱਸ ਅੱਡਾ ਸਥਾਪਿਤ ਕੀਤਾ ਜਾਵੇਗਾ।
12 ਕਰੋੜ ਦੀ ਲਾਗਤ ਨਾਲ ਕੁੜੀਆਂ ਦਾ ਸਰਕਾਰੀ ਕਾਲਜ ਬਣਾਇਆ ਜਾਵੇਗਾ।
ਜ਼ਿਲ੍ਹੇ ਅੰਦਰ ਮਹਿਲਾ ਥਾਣਾ ਵੀ ਸਥਾਪਿਤ ਕੀਤਾ ਜਾਵੇਗਾ। ਇਹ ਮਹਿਲਾ ਥਾਣਾ ਸਿਰਫ ਮੁਲਾਜ਼ਮ ਬੀਬੀਆਂ ਵੱਲੋਂ ਹੀ ਚਲਾਇਆ ਜਾਵੇਗਾ।
20 ਕਰੋੜ ਦੀ ਲਾਗਤ ਨਾਲ ਨਵੇਂ ਜ਼ਿਲ੍ਹਾ ਪ੍ਰਬੰਧੀ ਕੰਪਲੈਕਸ ਅਤੇ ਸਬ ਡਵੀਜ਼ਨ ਕੰਪਲੈਕਸ ਦੀ ਉਸਾਰੀ ਕੀਤੀ ਜਾਵੇਗੀ।
ਸ਼ਹਿਰੀ ਵਾਤਾਵਰਣ ਸੁਧਾਰ ਪ੍ਰੋਗਰਾਮ ਤਹਿਤ 6 ਕਰੋੜ ਰੁਪਏ ਵਿਕਾਸ ਕਾਰਜਾਂ ‘ਤੇ ਖ਼ਰਚੇ ਜਾਣਗੇ।
ਇਤਿਹਾਸਕ ਮੁਬਾਰਕ ਮੰਜ਼ਿਲ ਮਹਿਲ ਦੀ ਸੰਭਾਲ ਅਤੇ ਨਵੀਨੀਕਰਨ ਦਾ ਕਾਰਜ ਆਗਾ ਖਆਨ ਫਾਊਂਡੇਸ਼ਨ ਵੱਲੋਂ ਕੀਤਾ ਜਾਵੇਗਾ।
ਅਖ਼ੀਰ ‘ਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀਆਂ ਸ਼ੁੱਭ ਕਾਮਨਾਵਾਂ ਮਾਲੇਰਕੋਟਲਾ ਵਾਸੀਆਂ ਨਾਲ ਹਨ। ਦੱਸਣਯੋਗ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਈਦ ਦੇ ਮੌਕੇ ‘ਤੇ ਮਾਲੇਰਕੋਟਲਾ ਨੂੰ ਨਵਾਂ ਜ਼ਿਲ੍ਹਾ ਬਣਾਉਣ ਦਾ ਐਲਾਨ ਕੀਤਾ ਸੀ।