- ਜਿਹੜੀ ਸਰਕਾਰ ਅਧਿਆਪਕਾਂ ਦਾ ਮਾਣ ਸਨਮਾਨ ਨਹੀਂ ਕਰ ਸਕਦੀ, ਉਸ ਸਰਕਾਰ ਦਾ ਪਤਨ ਹੋਣਾ ਨਿਸਚਿਤ: ਅਨਮੋਲ ਗਗਨ ਮਾਨ
- ਮੀਤ ਹੇਅਰ ਅਤੇ ਅਨਮੋਲ ਗਗਨ ਮਾਨ ਨੇ ਮੋਹਾਲੀ ਵਿਖੇ ਅਧਿਆਪਕਾਂ ਦੇ ਧਰਨੇ ਵਿੱਚ ਕੀਤੀ ਸਮੂਲੀਅਤ
ਚੰਡੀਗੜ੍ਹ : ਪੰਜਾਬ ਵਿੱਚ ਕੱਚੇ ਅਧਿਆਪਕਾਂ ਅਤੇ ਈ.ਟੀ.ਟੀ ਪਾਸ ਬੇਰੁਜਗਾਰ ਅਧਿਆਪਕਾਂ ਵੱਲੋਂ ਆਪਣੀਆਂ ਹੱਕੀ ਮੰਗਾਂ ਮਨਵਾਉਣ ਲਈ ਕੀਤੇ ਜਾ ਰਹੇ ਰੋਸ ਧਰਨਿਆਂ ਦਾ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਯੂਥ ਵਿੰਗ ਵੱਲੋਂ ਸਮਰਥਨ ਕੀਤਾ ਗਿਆ ਹੈ ਅਤੇ ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਬਿਨ੍ਹਾਂ ਦੇਰੀ ਤੋਂ ਅਧਿਆਪਕਾਂ ਦੀਆਂ ਮੰਗਾਂ ਪ੍ਰਵਾਨ ਕਰਕੇ ਲਾਗੂ ਕਰਨ ਦਾ ਪੱਤਰ ਜਾਰੀ ਕੀਤਾ ਜਾਵੇ। ਇਹ ਪ੍ਰਗਟਾਵਾ ਅੱਜ ਯੂਥ ਵਿੰਗ ਪੰਜਾਬ ਦੇ ਪ੍ਰਧਾਨ ਤੇ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ, ਸਹਿ ਪ੍ਰਧਾਨ ਅਨਮੋਲ ਗਗਨ ਮਾਨ, ਹਲਕਾ ਬਾਘਾ ਪੁਰਾਣਾ ਦੇ ਇੰਚਾਰਜ ਅੰਮ੍ਰਿਤ ਸਿੰਘ ਸਿੱਧੂ, ਮੀਤ ਪ੍ਰਧਾਨ ਜਗਦੀਪ ਸਿੰਘ ਸੰਧੂ, ਜਿਲ੍ਹਾ ਮੋਹਾਲੀ ਦੇ ਪ੍ਰਧਾਨ ਗੁਰਤੇਜ ਸਿੰਘ ਪੰਨੂੰ ਅਤੇ ਅਧਿਆਪਕ ਯੂਨੀਅਨ ਦੇ ਸਾਬਕਾ ਪ੍ਰਧਾਨ ਜਸਵਿੰਦਰ ਸਿੰਘ ਸਿੱਧੂ ਨੇ ਚੰਡੀਗੜ੍ਹ ਵਿਖੇ ਆਪ ਦੇ ਮੁੱਖ ਦਫਤਰ ਵਿਖੇ ਕੀਤਾ।
ਯੂਥ ਵਿੰਗ ਦੇ ਸੂਬਾ ਪ੍ਰਧਾਨ ਅਤੇ ਵਿਧਾਇਕ ਮੀਤ ਹੇਅਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਿੱਚ ਵੀ ਉਸੇ ਤਰ੍ਹਾਂ ਦੇ ਜੁਲਮ ਅਧਿਆਪਕਾਂ ‘ਤੇ ਹੋ ਰਹੇ ਹਨ, ਜਿਹੋ ਜਿਹੇ ਅਕਾਲੀ ਦਲ ਬਾਦਲ ਅਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਵੇਲੇ ਹੁੰਦੇ ਹਨ। ਬਾਦਲ ਦੇ ਮੰਤਰੀਆਂ ਵੱਲੋਂ ਔਰਤਾਂ ਅਧਿਆਪਕਾਂ ਦੀਆਂ ਪੁੱਟੀਆਂ ਗੁੱਤਾਂ ਨੂੰ ਪੰਜਾਬ ਦੇ ਲੋਕ ਭੁੱਲੇ ਨਹੀਂ ਅਤੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਕਾਲੀ ਸਰਕਾਰ ਵੱਲੇ ਕੀਤੇ ਵਾਅਦੇ ਅੱਜ ਵੀ ਯਾਦ ਹਨ, ਜਿਨਾਂ ਤੋਂ ਕੈਪਟਨ ਅਮਰਿੰਦਰ ਸਿੰਘ ਮੁਕਰ ਗਏ ਹਨ। ਮੀਤ ਹੇਅਰ ਨੇ ਕਿਹਾ ਕਿ ਸਿੱਖਿਆ ਪ੍ਰੋਵਾਈਡਰ, ਏਆਈਈ, ਈਜੀਐਸ, ਐਸਟੀਆਰ, ਅਤੇ ਕੱਚੇ ਅਧਿਆਪਕਾਂ ਨੇ ਆਪਣੀ ਜਿੰਦਗੀ ਦਾ ਕੀਮਤੀ ਸਮਾਂ ਸਰਕਾਰੀ ਸਕੂਲਾਂ ਨੂੰ ਦਿੱਤਾ ਅਤੇ ਮਹਿਜ਼ 6 ਹਜ਼ਾਰ ਤੋਂ 10 ਹਜ਼ਾਰ ਤੱਕ ਤਨਖਾਹਾਂ ‘ਤੇ ਕੰਮ ਕੀਤਾ। ਉਨ੍ਹਾਂ ਕਿਹਾ ਕਿ ਕਾਂਗਰਸੀ ਵਿਧਾਇਕ ਅਤੇ ਮੰਤਰੀ ਲੋਕਾਂ ਜਾਂ ਅਧਿਆਪਕਾਂ ਦੀਆਂ ਮੰਗਾਂ ਲਈ ਮੁੱਖ ਮੰਤਰੀ ਕੋਲ ਨਹੀਂ ਜਾਂਦੇ, ਸਗੋਂ ਆਪਣੀਆਂ ਕੁਰਸੀਆਂ ਤੇ ਪਰਿਵਾਰਾਂ ਦੀਆਂ ਨੌਕਰੀਆਂ ਲਈ ਜਾਂਦੇ ਹਨ।
ਯੂਥ ਵਿੰਗ ਪੰਜਾਬ ਦੀ ਸਹਿ ਪ੍ਰਧਾਨ ਅਨਮੋਲ ਗਗਨ ਮਾਨ ਨੇ ਮੁੱਖ ਮੰਤਰੀ ਨੂੰ ਵਾਅਦਾ ਯਾਦ ਕਰਵਾਉਂਦਿਆਂ ਕਿਹਾ ਕਿ ਉਸ ਸਮੇਂ ਦੇ ਅਖਬਾਰ ਤੇ ਅਧਿਆਪਕਾਂ ਕੋਲ ਮੁੱਖ ਮੰਤਰੀ ਦੇ ਬਿਆਨਾਂ ਦੀ ਸੀਡੀ ਇਸ ਗੱਲ ਦਾ ਪ੍ਰਤੱਖ ਪ੍ਰਮਾਣ ਹਨ ਕਿ ਚੋਣਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਮੁਹਾਲੀ ਦੇ ਧਰਨੇ ਵਿੱਚ ਆ ਕੇ ਵਾਅਦਾ ਕੀਤਾ ਸੀ ਕਿ ਉਨ੍ਹਾਂ ਦੀ ਸਰਕਾਰ ਆਉਣ ‘ਤੇ ਉਹ ਪਹਿਲੀ ਹੀ ਕੈਬਨਿਟ ਮੀਟਿੰਗ ਵਿੱਚ ਅਧਿਆਪਕਾਂ ਦੀਆਂ ਸੇਵਾਵਾਂ ਰੈਗੂਲਰ ਕਰਨਗੇ ਕਿਉਂਕਿ ਇੰਨ੍ਹਾਂ ਅਧਿਆਪਕਾਂ ਦੀ ਤਨਖਾਹ ਉਨ੍ਹਾਂ ਦੇ ਆਪਣੇ ਮਾਲੀ ਦੀ ਤਨਖਾਹ ਨਾਲੋਂ ਘੱਟ ਹੈ। ਮਾਨ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਚੋਣਾਂ ‘ਚ ਕੀਤੇ ਵਾਅਦਿਆਂ ਤੋਂ ਮੁਕਰਦਿਆਂ ਨਾ ਤਾਂ ਕੱਚੇ ਮੁਲਾਜਮਾਂ ਨੂੰ ਪੱਕੇ ਕੀਤਾ ਅਤੇ ਨਾ ਹੀ ਤਨਖਾਹਾਂ ਵਿੱਚ ਵਾਧਾ ਕੀਤਾ। ਜਿਹੜੀ ਸਰਕਾਰ ਅਧਿਆਪਕਾਂ ਦਾ ਮਾਣ ਸਨਮਾਨ ਨਹੀਂ ਕਰ ਸਕਦੀ, ਉਸ ਸਰਕਾਰ ਦਾ ਪਤਨ ਹੋਣਾ ਨਿਸਚਿਤ ਹੁੰਦਾ ਹੈ।
ਉਨ੍ਹਾਂ ਕੈਪਟਨ ਸਰਕਾਰ ਨੂੰ ਚੈਲੰਜ ਕੀਤਾ ਕਿ ਦਿੱਲੀ ਦੀ ਤਰਜ ‘ਤੇ ਪੰਜਾਬ ਵਿੱਚ ਬਣਾਏ ਗਏ ਪੰਜ ਸਮਾਰਟ ਸਕੂਲ ਹੀ ਸਰਕਾਰ ਦਿਖਾ ਦੇਵੇ।ਆਪ ਆਗੂਆਂ ਨੇ ਕਿਹਾ ਕਿ 2022 ਦੀਆਂ ਚੋਣਾਂ ਵਿੱਚ ਪੰਜਾਬ ਦੇ ਨੌਜਵਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਵਾਅਦਿਆਂ ਤੋਂ ਮੁਕਰਨ ਦਾ ਹਿਸਾਬ ਜਰੂਰ ਲੈਣਗੇ ਅਤੇ ਸੱਤਾ ਤੋਂ ਬਾਹਰ ਕਰਕੇ ਕਰਾਰਾ ਜਵਾਬ ਦੇਣਗੇ। ਇਸ ਤੋਂ ਬਾਅਦ ਯੂਥ ਵਿੰਗ ਪੰਜਾਬ ਦੇ ਪ੍ਰਧਾਨ ਮੀਤ ਹੇਅਰ ਅਤੇ ਸਹਿ ਪ੍ਰਧਾਨ ਅਨਮੋਲ ਗਗਨ ਮਾਨ ਸਮੇਤ ਪੂਰੀ ਟੀਮ ਨੇ ਮੋਹਾਲੀ ਵਿਖੇ ਅਧਿਆਪਕਾਂ ਦੇ ਧਰਨੇ ਵਿੱਚ ਸਮੂਲੀਅਤ ਕੀਤੀ।