8 ਘੰਟੇ ਨਿਰਵਿਧਨ ਬਿਜਲੀ ਸਪਲਾਈ ਦੇਣ ਦੀ ਪਾਵਰਕਾਮ ਤੋਂ ਕੀਤੀ ਮੰਗ
ਰਾਮਾਂ ਮੰਡੀ, 23 ਜੂਨ (ਪਰਮਜੀਤ ਲਹਿਰੀ)-ਸਥਾਨਕ ਸ਼ਹਿਰ ਦੇ ਨੇੜਲੇ ਪਿੰਡ ਜੱਜ਼ਲ, ਬੰਗੀਆਂ, ਰਾਮਸਰਾ, ਰਾਮਾਂ ਆਦਿ ਪਿੰਡਾਂ ਦੇ ਕਿਸਾਨਾਂ ਨੇ ਝੋਨੇ ਦੀ ਬਿਜਾਈ ਕਰਨ ਲਈ 8 ਘੰਟੇ ਬਿਜਲੀ ਸਪਲਾਈ ਨਾ ਮਿਲਣ ਤੋਂ ਦੁਖੀ ਹੋ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਬਲਾਕ ਪ੍ਰਧਾਨ ਮਹਿਮਾ ਸਿੰਘ ਦੀ ਅਗਵਾਈ ਹੇਠ ਰਾਮਾਂ ਮੰਡੀ ਬਿਜਲੀ ਦਫਤਰ ਦਾ ਘਿਰਾਓ ਕਰਕੇ ਰੋਸ ਪ੍ਰਗਟ ਕੀਤਾ। ਇਸ ਮੌਕੇ ਕਿਸਾਨਾਂ ਨੇ ਦੱਸਿਆ ਕਿ ਬਿਜਲੀ ਵਿਭਾਗ ਵੱਲੋਂ ਝੋਨੇ ਦੀ ਬਿਜਾਈ ਕਰਨ ਲਈ 8 ਘੰਟੇ ਬਿਜਲੀ ਸਪਲਾਈ ਨਹੀਂ ਦਿੱਤੀ ਜਾਂਦੀ, ਜਿਸ ਕਰਕੇ ਕਿਸਾਨਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸਾਨਾਂ ਨੇ ਦੱਸਿਆ ਕਿ ਬਿਜਲੀ ਵਿਭਾਗ ਵੱਲੋਂ ਬਿਜਲੀ ਸਪਲਾਈ ਇੱਕ ਘੰਟਾ ਲੇਟ ਛੱਡੀ ਜਾਂਦੀ ਹੈ ਅਤੇ ਇੱਕ ਘੰਟਾ ਪਹਿਲਾ ਬੰਦ ਕਰ ਦਿੱਤੀ ਹੈ, ਜਿਸ ਕਰਕੇ ਉਹ ਝੋਨੇ ਦੀ ਬਿਜਾਈ ਕਰਨ ਵਿੱਚ ਪਛੜ ਰਹੇ ਹਨ। ਇਸ ਮੌਕੇ ਕਿਸਾਨਾਂ ਨੇ ਬਿਜਲੀ ਵਿਭਾਗ ਦੇ ਉਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਖੇਤਾਂ ਵਿੱਚ ਝੋਨੇ ਬਿਜਾਈ ਕਰਨ ਲਈ 12 ਘੰਟੇ ਨਿਰਵਿਘਨ ਸਪਲਾਈ ਦਿੱਤੀ ਜਾਵੇ। ਕਿਸਾਨਾ ਨੇ ਪ੍ਰਸ਼ਾਸ਼ਨ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਜਲਦੀ ਹੱਲ ਨਾ ਕੀਤਾ ਗਿਆ ਤਾਂ ਉਹ ਧਰਨਾ ਲਗਾ ਕੇ ਰੋਸ ਪ੍ਰਦਰਸਨ ਕਰਨ ਲਈ ਮਜ਼ਬੂਰ ਹੋਣਗੇ। ਇਸ ਮੌਕੇ ਪਾਵਰਕਾਮ ਦੇ ਐਸ.ਡੀ.ਓ ਬਹਾਦਰ ਸਿੰਘ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਨੂੰ ਬਿਜਲੀ ਦੀ ਸਪਲਾਈ ਸਬੰਧੀ ਹੁਣ ਕੋਈ ਵੀ ਸਮੱਸਿਆ ਨਹੀਂ ਆਉਣ ਦਿਆਂਗੇ।