ਫਾਜ਼ਿਲਕਾ – ਡ੍ਰੋਨ ਕਾਰਨ ਵਾਪਰਨ ਵਾਲੇ ਹਾਦਸਿਆਂ ਦੇ ਡਰ ਅਤੇ ਰਾਸ਼ਟਰੀ ਸੁਰੱਖਿਆ ਨੂੰ ਪੈਦਾ ਹੋਏ ਖਤਰੇ ਦੇ ਮੱਦੇਨਜਰ ਫਾਜ਼ਿਲਕਾ ਦੇ ਜ਼ਿਲਾ ਮੈਜਿਸਟ੍ਰੇਟ ਸ: ਅਰਵਿੰਦ ਪਾਲ ਸਿੰਘ ਸੰਧੂ ਨੇ ਫਾਜ਼ਿਲਕਾ ਜ਼ਿਲੇ ਦੀ ਹਦੂਦ ਅੰਦਰ ਡ੍ਰੋਨ ਦੀ ਵਰਤੋਂ ਸਬੰਧੀ ਪਾਬੰਦੀਆਂ ਦੇ ਹੁਕਮ ਜਾਰੀ ਕੀਤੇ ਹਨ।
ਹੁਕਮਾਂ ਅਨੁਸਾਰ ਸਾਰੇ ਡ੍ਰੋਨ ਆਪ੍ਰੇਟਰਾਂ ਨੂੰ ਆਪਣੇ ਇਲਾਕੇ ਦੇ ਐਸ.ਡੀ.ਐਮ. ਦਫ਼ਤਰ ਵਿਖੇ ਡੀਜੀਸੀਏ ਦੇ ਨਿਯਮਾਂ ਅਨੁਸਾਰ ਰਾਜਿਸਟੇ੍ਰਸ਼ਨ ਕਰਵਾਉਣੀ ਹੋਵੇਗੀ। ਐਸ.ਡੀ.ਐਮ. ਦਫ਼ਤਰ ਵੱਲੋਂ ਹਰੇਕ ਨੂੰ ਇਕ ਵਿਲੱਖਣ ਪਹਿਚਾਣ ਨੰਬਰ ਜਾਰੀ ਕੀਤਾ ਜਾਵੇਗਾ ਅਤੇ ਉਨਾਂ ਵੱਲੋਂ ਇਸ ਸਬੰਧੀ ਡ੍ਰੋਨ ਦੇ ਪ੍ਰਕਾਰ, ਚੈਸੀ ਨੰਬਰ, ਆਦਿ ਦਾ ਰਿਕਾਰਡ ਰੱਖਿਆ ਜਾਵੇਗਾ।
ਡ੍ਰੋਨ ਉਡਾਉਣ ਵਾਲੇ ਦੇ ਹਰ ਸਮੇਂ ਡ੍ਰੋਨ ਅੱਖਾਂ ਦੇ ਸਾਹਮਣੇ ਰਹਿਣਾ ਚਾਹੀਦਾ ਹੈ। ਡ੍ਰੋਨ 400 ਫੁੱਟ ਤੋਂ ਉੱਚਾ ਨਹੀਂ ਉੱਡ ਸਕਦਾ ਹੈ। ਡ੍ਰੋਨ ਹਵਾਈ ਅੱਡਾ, ਅੰਤਰ ਰਾਸ਼ਟਰੀ ਬਾਰਡਰ, ਰੱਖਿਆ ਦੇ ਪੱਖ ਤੋਂ ਮਹੱਤਵਪੂਰਨ ਥਾਂਵਾਂ, ਪ੍ਰਤਿਬੰਧਿਤ ਖੇਤਰ, ਸਰਕਾਰੀ ਇਮਾਰਤਾਂ, ਸੀ.ਏ.ਪੀ.ਏ. ਅਤੇ ਮਿਲਟਰੀ ਥਾਂਵਾਂ ਤੇ ਡ੍ਰੋਨ ਉਡਾਉਣ ਦੀ ਪੂਰਨ ਮਨਾਹੀ ਰਹੇਗੀ।
ਮਾਈਕ੍ਰੋ ਡ੍ਰੋਨ ਜਿਸਦਾ ਭਾਰ 250 ਗ੍ਰਾਮ ਤੋਂ 2 ਕਿਲੋ ਤੱਕ ਹੁੰਦਾ ਹੈ 60 ਮੀਟਰ ਤੋਂ ਉੱਚਾ ਨਹੀਂ ਉੱਡ ਸਕੇਗਾ। ਅਤੇ ਇਸਦੀ ਸਪੀਡ 25 ਮੀਟਰ ਪ੍ਰਤੀ ਸੈਕੰਡ ਤੋਂ ਵੱਧ ਨਾ ਹੋਵੇ। ਛੋਟੇ ਡ੍ਰੋਨ ਜਿਸਦਾ ਭਾਰ 2 ਤੋਂ 25 ਕਿਲੋ ਤੱਕ ਹੁੰਦਾ ਹੈ ਵੱਧ ਤੋਂ  ਵੱਧ 120 ਮੀਟਰ ਤੱਕ ਹੀ ਉੱਡ ਸਕਦਾ ਹੈ ਅਤੇ ਇਸਦੀ ਸਪੀਡ 25 ਮੀਟਰ ਪ੍ਰਤੀ ਸੈਕੰਡ ਤੋਂ ਵੱਧ ਨਾ ਹੋਵੇ। ਮੀਡੀਅਮ ਡ੍ਰੋਨ ਜਿਸਦਾ ਭਾਰ 25 ਤੋਂ 150 ਕਿਲੋਗ੍ਰਾਮ ਤੱਕ ਹੁੰਦਾ ਹੈ ਐਸ.ਡੀ.ਐਮ. ਵੱਲੋਂ ਪ੍ਰਵਾਨਿਤ ਉਚਾਈ ਤੱਕ ਹੀ ਉੱਡ ਸਕਦਾ ਹੈ। ਇਸੇ ਤਰਾਂ ਸੂਰਜ ਛੁੱਪਣ ਤੋਂ ਬਾਅਦ ਅਤੇ ਸੂਰਜ ਚੜਨ ਤੋਂ ਪਹਿਲਾਂ ਕੋਈ ਡ੍ਰੋਨ ਨਹੀਂ ਉਡਾਇਆ ਜਾ  ਸਕਦਾ ਹੈ। ਅਪਾਤ ਸਥਿਤੀ ਲਈ ਇਸ ਸਮੇਂ ਦੌਰਾਨ ਕੇਵਲ ਜ਼ਿਲਾ ਮੈਜਿਸ੍ਰਟੇਟ ਜਾਂ ਵਧੀਕ ਜ਼ਿਲਾ ਮੈਜਿਸਟ੍ਰੇਟ ਦੀ ਪੂਰਵ ਪ੍ਰਵਾਨਗੀ ਨਾਲ ਹੀ ਇਸ ਸਮੇਂ ਡ੍ਰੋਨ ਉਡਾਇਆ ਜਾ ਸਕਦਾ ਹੈ।
ਡ੍ਰੋਨ ਨਾਲ ਵਾਪਰਨ ਵਾਲੇ ਹਾਦਸੇ ਲਈ ਡ੍ਰੋਨ ਦਾ ਮਾਲਕ ਅਤੇ ਆਪ੍ਰੇਟਰ ਜਿੰਮੇਵਾਰ ਹੋਣਗੇ। ਨਿਯਮਾਂ ਦੀ ਉਲੰਘਣਾ ਕਰਨ ਤੇ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾ ਸਕਦੀ ਹੈ। ਇਹ ਪਾਬੰਦੀਆਂ ਸਰਕਾਰੀ ਅਦਾਰਿਆਂ ਤੇ ਲਾਗੂ ਨਹੀਂ ਹੁਣਗੀਆਂ ਬਸਰਤੇ ਇਸ ਸਬੰਧੀ ਸਮੱਰਥ ਅਥਾਰਟੀ ਵੱਲੋਂ ਪ੍ਰਵਾਨਗੀ ਦਿੱਤੀ ਗਈ ਹੋਵੇ। ਇਸ ਤੋਂ ਬਿਨਾਂ ਸਮਾਜਿਕ ਸਮਾਗਮਾਂ ਜਿਵੇਂ ਰਿੰਗ ਸਰਮਨੀ, ਪ੍ਰੀ ਵੈਡਿੰਗ ਸ਼ੂਟ, ਵਿਆਹ, ਸਮਾਜਿਕ ਅਤੇ ਸਿਆਸੀ ਇੱਕਠਾਂ ਮੌਕੇ ਡ੍ਰੋਨ ਦੀ ਵਰਤੋਂ ਜਿਲਾ ਮੈਜਿਸਟ੍ਰੇਟ ਤੋਂ ਲਿਖਤੀ ਪੂਰਵ ਪ੍ਰਵਾਨਗੀ ਨਾਲ ਹੀ ਕੀਤੀ ਜਾ ਸਕੇਗੀ।

Leave a Reply

Your email address will not be published. Required fields are marked *