ਫਰਿਜ਼ਨੋ (ਕੈਲੀਫੋਰਨੀਆ) 24 ਅਗਸਤ,2021: ਸਾਬਕਾ ਲੈਫਟੀਨੈਂਟ ਗਵਰਨਰ ਕੈਥੀ ਹੋਚਲ ਨੇ ਮੰਗਲਵਾਰ ਨੂੰ ਸਵੇਰੇ ਤਕਰੀਬਨ 12:01 ਵਜੇ ਨਿਊਯਾਰਕ ਦੀ ਪਹਿਲੀ ਔਰਤ ਗਵਰਨਰ ਵਜੋਂ ਸਹੁੰ ਚੁੱਕੀ ਹੈ। ਇਸ ਸਬੰਧੀ ਹੋਚਲ ਨੇ ਆਪਣੇ ਨਵੇਂ ਸਰਕਾਰੀ ਗਵਰਨਰ ਅਕਾਉਂਟ ਤੋਂ ਟਵੀਟ ਕਰਦਿਆਂ ਕਿਹਾ ਕਿ ਉਹਨਾਂ ਨੇ ਨਿਊਯਾਰਕ ਦੇ 57 ਵੇਂ ਗਵਰਨਰ ਵਜੋਂ ਅਧਿਕਾਰਤ ਤੌਰ ‘ਤੇ ਸਹੁੰ ਚੁੱਕਣ ਦਾ ਮਾਣ ਪ੍ਰਾਪਤ ਕੀਤਾ ਹੈ। ਨਿਊਯਾਰਕ ਦੇ ਗਵਰਨਰ ਲਈ ਵੈਬਸਾਈਟ ਨੂੰ ਵੀ ਅੱਧੀ ਰਾਤ ਤੋਂ ਥੋੜ੍ਹੀ ਦੇਰ ਬਾਅਦ ਅਪਡੇਟ ਕੀਤਾ ਗਿਆ। ਕੈਥੀ ਹੋਚਲ ਮੰਗਲਵਾਰ ਦੀ ਅੱਧੀ ਰਾਤ ਦੇ ਸਮੇਂ ਨਿਊਯਾਰਕ ਦੀ ਪਹਿਲੀ ਔਰਤ ਗਵਰਨਰ ਬਣੀ, ਇਸ ਤੋਂ ਪਹਿਲਾਂ ਨਿਊਯਾਰਕ ਦੇ ਮੇਅਰ ਐਂਡਰਿਊ ਕੁਓਮੋ ਨੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦੇ ਕਾਰਨ ਆਪਣਾ ਅਸਤੀਫਾ ਦਿੱਤਾ ਸੀ। ਕੈਥੀ ਹੋਚਲ ਨੂੰ ਮੁੱਖ ਜੱਜ ਜੇਨੇਟ ਡੀਫਿਓਰ ਦੀ ਨਿਗਰਾਨੀ ਵਿੱਚ ਇੱਕ ਨਿੱਜੀ ਸਮਾਰੋਹ ਵਿੱਚ ਗਵਰਨਰ ਵਜੋਂ ਸਹੁੰ ਚੁਕਾਈ ਗਈ। ਕੁਓਮੋ ਨੇ ਆਪਣਾ ਅਸਤੀਫਾ ਸੋਮਵਾਰ ਦੇਰ ਰਾਤ ਰਾਜ ਵਿਧਾਨ ਸਭਾ ਅਤੇ ਸੈਨੇਟ ਦੇ ਨੇਤਾਵਾਂ ਨੂੰ ਸੌਂਪ ਦਿੱਤਾ ਸੀ। ਹੋਚਲ ਨੂੰ ਘੱਟੋ ਘੱਟ ਅਗਲੇ ਮਹੀਨਿਆਂ ਲਈ ਪ੍ਰਸ਼ਾਸਨ ਨੂੰ ਚਲਾਉਣ ਲਈ ਸਲਾਹਕਾਰਾਂ ਦੀ ਆਪਣੀ ਟੀਮ ਨੂੰ ਤੇਜ਼ੀ ਨਾਲ ਬਣਾਉਣ ਦੀ ਜ਼ਰੂਰਤ ਹੋਵੇਗੀ। ਉਸਨੇ ਸੋਮਵਾਰ ਨੂੰ ਦੋ ਪ੍ਰਮੁੱਖ ਸਹਾਇਕਾਂ ਦੀ ਯੋਜਨਾਬੱਧ ਨਿਯੁਕਤੀਆਂ ਦੀ ਘੋਸ਼ਣਾ ਕੀਤੀ, ਜਿਸ ਵਿੱਚ ਕੈਰਨ ਪਰਸੀਚਿਲੀ ਕਿਓਗ ਗਵਰਨਰ ਦੀ ਸਕੱਤਰ ਬਣੇਗੀ ਅਤੇ ਐਲਿਜ਼ਾਬੈਥ ਫਾਈਨ, ਹੋਚਲ ਦੀ ਮੁੱਖ ਕਾਨੂੰਨੀ ਸਲਾਹਕਾਰ ਹੋਵੇਗੀ।