ਪੱਤਰ ਪ੍ਰੇਰਕ, ਪੱਟੀ : ਹੈੱਡਮਾਸਟਰ ਯੂਨੀਅਨ ਪੰਜਾਬ ਦੀ ਸ਼ਿਕਾਇਤ ’ਤੇ ਪੰਜਾਬ ਸਰਕਾਰ (Punjab Govt) ਨੇ ਪੱਟੀ ਦੇ ਸਹਾਇਕ ਖਜ਼ਾਨਾ ਅਫਸਰ ਮਨਦੀਪ ਸਿੰਘ ਨੂੰ ਮੁਅੱਤਲ ਕਰ ਦਿੱਤਾ ਹੈ ਅਤੇ ਨਾਲ ਹੀ ਮਨਦੀਪ ਸਿੰਘ ਦਾ ਹੈੱਡ ਕੁਆਰਟਰ ਫਿਰੋਜ਼ਪੁਰ ਬਣਾ ਦਿੱਤਾ ਗਿਆ ਹੈ।
ਜਾਣਕਾਰੀ ਮੁਤਾਬਿਕ 29 ਮਾਰਚ ਨੂੰ ਹੈੱਡ ਮਾਸਟਰ ਯੂਨੀਅਨ ਵੱਲੋਂ ਦੋਸ਼ ਲਗਾਇਆ ਗਿਆ ਸੀ ਕਿ ਪੱਟੀ ‘ਚ ਤਾਇਨਾਤ ਸਹਾਇਕ ਖ਼ਜ਼ਾਨਾ ਅਫਸਰ ਮਨਦੀਪ ਸਿੰਘ ਹਰ ਇੱਕ ਬਿੱਲ ਭਾਵੇਂ ਉਹ ਤਨਖ਼ਾਹ ਦਾ ਜੀ ਕਿਉਂ ਨਾ ਹੋਵੇ ਪੈਸੇ ਲੈ ਕੇ ਪਾਸ ਕਰਦਾ ਹੈ ਜਿੰਨਾ ਚਿਰ ਕੋਈ ਵੀ ਕਰਮਚਾਰੀ ਇਕ-ਇਕ ਹਜ਼ਾਰ ਦੀ ਰਿਸ਼ਵਤ ਨਹੀਂ ਦਿੰਦਾ, ਓਨੀ ਦੇਰ ਤਕ ਤਨਖ਼ਾਹ ਦੀ ਰਾਸ਼ੀ ਜਾਰੀ ਨਹੀਂ ਕਰਦਾ। ਇਨ੍ਹਾਂ ਸਾਰੇ ਦੋਸ਼ਾਂ ਨੂੰ ਲੈਕੇ ਯੂਨੀਅਨ ਵੱਲੋਂ ਇਕ ਮੰਗ ਪੱਤਰ ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੂੰ ਦਿੱਤਾ ਗਿਆ ਸੀ। ਉਕਤ ਮੰਗ ਪੱਤਰ ਤੋਂ ਬਾਅਦ ਪੰਜਾਬ ਸਰਕਾਰ ਨੇ ਦੋਸ਼ੀ ਮਨਦੀਪ ਸਿੰਘ ਨੂੰ ਮੁਅੱਤਲ ਕਰਨ ਦੇ ਹੁਕਮ ਦਿੱਤੇ ਹਨ। ਇਸ ਦੇ ਨਾਲ ਹੀ ਮਨਦੀਪ ਸਿੰਘ ਨੂੰ ਹੈੱਡ ਕੁਆਰਟਰ ਫਿਰੋਜ਼ਪੁਰ ਬਣਾ ਕੇ ਅਗਲੇਰੀ ਕਾਰਵਾਈ ਦੇ ਹੁਕਮ ਦਿੱਤੇ ਹਨ। ਹੈੱਡ ਮਾਸਟਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਤਿੰਦਰ ਸਿੰਘ ਨੇ ਪੰਜਾਬ ਸਰਕਾਰ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ।