ਬਠਿੰਡਾ : ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਬਠਿੰਡਾ ’ਚ ਐੱਮ. ਪੀ. ਫੰਡਜ਼ ਨੂੰ ਲੈ ਕੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਅੱਜ ਮੀਟਿੰਗ ਕੀਤੀ। ਇਸ ਦੌਰਾਨ ਉਨ੍ਹਾਂ ਨੇ ਪੰਜਾਬ ਸਰਕਾਰ ’ਤੇ ਤਿੱਖੇ ਹਮਲੇ ਵੀ ਕੀਤੇ। ਬੀਬੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਵੀ ਹੁਣ ਖ਼ਜ਼ਾਨਾ ਖ਼ਾਲੀ ਕਰਨ ਦੀ ਗੱਲ ਕਰ ਰਹੀ ਹੈ। 80 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ 60 ਦਿਨਾਂ ’ਚ ਪੰਜਾਬ ਸਰਕਾਰ ਵਲੋਂ ਲੈ ਲਿਆ ਗਿਆ ਹੈ ਪਰ ਅਜੇ ਤਕ ਨਾ ਤਾਂ ਪੰਜਾਬ ਦੀਆਂ ਔਰਤਾਂ ਨੂੰ 1000 ਰੁਪਏ ਮਹੀਨਾ ਸ਼ੁਰੂ ਹੋਇਆ ਹੈ ਅਤੇ ਨਾ ਹੀ ਬਿਜਲੀ ਦੀਆਂ 300 ਯੂਨਿਟਾਂ ਮੁਆਫ਼ ਹੋਈਆਂ ਹਨ।
ਹਰਸਿਮਰਤ ਕੌਰ ਬਾਦਲ ਨੇ ਅੱਗੇ ਬੋਲਦਿਆਂ ਕਿਹਾ ਕਿ ਪੰਜਾਬ ’ਚ ਝੂਠ ਬੋਲੋ ਅਤੇ ਸੱਤਾ ਹਾਸਲ ਕਰੋ ਦੀ ਰਾਜਨੀਤੀ ਹੋ ਗਈ ਹੈ। ਪਹਿਲਾਂ ਕਾਂਗਰਸ ਨੇ ਲੋਕਾਂ ਨਾਲ ਝੂਠੇ ਵਾਅਦੇ ਕੀਤੇ ਜੋ ਪੂਰੇ ਨਹੀਂ ਹੋਏ ਅਤੇ ਹੁਣ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਜੋ ਝੂਠੇ ਵਾਅਦੇ ਕਰਕੇ ਜਿਹੜੀਆਂ ਗਾਰੰਟੀਆਂ ਲੋਕਾਂ ਨੂੰ ਦਿੱਤੀਆਂ, ਉਸ ਦੀ ਸੱਚਾਈ ਸਾਰਿਆਂ ਦੇ ਸਾਹਮਣੇ ਆ ਰਹੀ ਹੈ। ਬੀਬੀ ਹਰਸਿਮਰਤ ਨੇ ਕਿਹਾ ਕਿ ਹੁਣ ਕਿਉਂ ਨਹੀਂ ਭ੍ਰਿਸ਼ਾਟਾਚਾਰ ਦਾ ਪੈਸਾ ਇਕੱਠਾ ਕਰ ਕੇ ਲੋਕਾਂ ਨੂੰ ਦਿੱਤਾ ਜਾ ਰਿਹਾ। ਹੁਣ ਅਰਵਿੰਦ ਕੇਜਰੀਵਾਲ ਦੱਸਣ ਕੀ ਉਨ੍ਹਾਂ ਦਾ ਮੁੱਖ ਮੰਤਰੀ ਭਗਵੰਤ ਮਾਨ ਇਮਾਨਦਾਰੀ ਨਹੀਂ ਹੈ।
ਸ਼੍ਰੋਮਣੀ ਅਕਾਲੀ ਦਲ ਵਲੋਂ ਜਿਹੜੇ ਬਿਜਲੀ ਸਮਝੌਤਾ ਕੀਤੇ ਗਏ ਸੀ ਕਾਂਗਰਸ ਨੇ ਉਨ੍ਹਾਂ ਨੂੰ ਰੱਦ ਕਰ ਦਿੱਤਾ ਸੀ ਫਿਰ ਵੀ ਬਿਜਲੀ ਵਿਭਾਗ ’ਤੇ ਕਰਜ਼ਾ ਚੜ੍ਹ ਗਿਆ ਹੈ। ਹੁਣ ਆਮ ਆਦਮੀ ਪਾਰਟੀ ਨੇ ਬਿਜਲੀ 24 ਘੰਟੇ ਦੇਣ ਦੇ ਨਾਲ 300 ਯੂਨਿਟ ਮੁਫ਼ਤ ਦੇਣ ਦੀ ਗੱਲ ਕੀਤੀ ਸੀ ਪਰ ਹੁਣ ਹਾਲਾਤ ਇਹ ਹਨ ਕਿ ਲੋਕਾਂ ਨੂੰ ਇਨਵਰਟਰ ਅਤੇ ਜਨਰੇਟ ਖ਼ਰੀਦ ਕੇ ਗੁਜ਼ਾਰਾ ਕਰਨਾ ਪੈ ਰਿਹਾ ਹੈ। ਉਨ੍ਹਾਂ ਅੱਗੇ ਬੋਲਦਿਆਂ ਕਿਹਾ ਕਿ ਬੰਦੀ ਸਿੱਖਾਂ ਦੀ ਰਿਹਾਈ ਲਈ ਸੁਖਬੀਰ ਸਿੰਘ ਬਾਦਲ ਵਲੋਂ ਜਿਹੜੇ ਕਦਮ ਚੁੱਕੇ ਗਏ ਹਨ, ਉਸ ਨੂੰ ਲੈ ਕੇ ਸਿੱਖ ਪੰਥ ਇਕਜੁੱਟ ਹੋਇਆ ਹੈ।