ਚੰਡੀਗੜ੍ਹ : ਚੌਕਸੀ ਵਜੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸੀਨੀਅਰ ਅਧਿਕਾਰੀਆਂ ਤੋਂ ਮੰਤਰੀਆਂ ਦੀ ਫੀਡਬੈਕ ਲੈ ਰਹੇ ਹਨ। ਸਿਹਤ ਮੰਤਰੀ ਡਾਕਟਰ ਵਿਜੇ ਸਿੰਗਲਾ ਨੂੰ ਬਰਖਾਸਤ ਕਰਨ ਤੋਂ ਬਾਅਦ ਸੀਐਮ ਭਗਵੰਤ ਮਾਨ ਨੇ ਹੋਰ ਮੰਤਰੀਆਂ ਨੂੰ ਵੀ ਚੇਤਾਵਨੀ ਦਿੱਤੀ ਹੈ। ਉਨ੍ਹਾਂ ਨੂੰ ਰਿਸ਼ਤੇਦਾਰਾਂ ਨੂੰ ਆਪਣੇ ਕੰਮ ਤੋਂ ਦੂਰ ਰੱਖਣ ਲਈ ਕਿਹਾ ਗਿਆ ਹੈ। ਮਾਨ ਨੇ ਵਿਭਾਗਾਂ ਤੋਂ ਫੀਡਬੈਕ ਲਈ ਸੀ ਜਿਸ ਵਿਚ ਪਤਾ ਲੱਗਾ ਕਿ ਕੁਝ ਮੰਤਰੀਆਂ ਦੀਆਂ ਪਤਨੀਆਂ, ਪੁੱਤਰ ਤੇ ਭਤੀਜੇ ਅਤੇ ਭਾਣਜੇ ਸਰਕਾਰੀ ਕੰਮ ਵਿਚ ਦਖਲਅੰਦਾਜ਼ੀ ਕਰ ਰਹੇ ਹਨ। ਇਸ ਦੇ ਮੱਦੇਨਜ਼ਰ ਮਾਨ ਨੇ 2 ਮੰਤਰੀਆਂ ਨੂੰ ਬੁਲਾ ਕੇ ਵਿਸ਼ੇਸ਼ ਹਦਾਇਤ ਜਾਰੀ ਕੀਤੀ ਹੈ।
ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਪੱਧਰ ‘ਤੇ ਮੰਤਰੀਆਂ ਦੇ ਵਿਭਾਗ ਦੇ ਅਧਿਕਾਰੀਆਂ ਤੋਂ ਫੀਡਬੈਕ ਲਈ ਜਿਸ ਵਿਚ ਪਤਾ ਲੱਗਾ ਕਿ ਇਕ ਮੰਤਰੀ ਦੀ ਪਤਨੀ ਸਰਕਾਰੀ ਕੰਮ ਵਿਚ ਬਹੁਤ ਜ਼ਿਆਦਾ ਦਖ਼ਲ ਦੇ ਰਹੀ ਹੈ। ਇੱਕ ਮੰਤਰੀ ਦਾ ਭਾਣਜਾ ਵੀ ਸਰਕਾਰੀ ਮੀਟਿੰਗ ਵਿੱਚ ਸ਼ਾਮਲ ਹੋ ਕੇ ਆਪਣੀ ਸਲਾਹ ਦੇ ਰਿਹਾ ਹੈ। ਇਕ ਮੰਤਰੀ ਦਾ ਪੁੱਤਰ ਆਪਣੇ ਨਾਂ ‘ਤੇ ਲੋਕਾਂ ਨੂੰ ਮਿਲ ਰਿਹਾ ਹੈ। ਇਸ ਨੂੰ ਦੇਖਦੇ ਹੋਏ ਭਗਵੰਤ ਮਾਨ ਨੇ ਚਿਤਾਵਨੀ ਦਿੱਤੀ ਕਿ ਉਨ੍ਹਾਂ ਦਾ ਵੀ ਸਟਿੰਗ ਆਪ੍ਰੇਸ਼ਨ ਹੋ ਸਕਦਾ ਹੈ ਜਿਸ ਕਾਰਨ ਕੁਰਸੀ ਚਲੀ ਜਾਵੇਗੀ, ਜਿਵੇਂ ਸਿਹਤ ਮੰਤਰੀ ਵਿਜੇ ਸਿੰਗਲਾ ਨੂੰ ਗੁਆਣੀ ਪਈ।
ਜ਼ਿਕਰਯੋਗ ਹੈ ਕਿ ਡਾ. ਵਿਜੇ ਸਿੰਗਲਾ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਬਰਖਾਸਤ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਕੇਸ ਦਰਜ ਕਰ ਕੇ ਉਨ੍ਹਾਂ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਭ੍ਰਿਸ਼ਟਾਚਾਰ ਮਾਮਲੇ ਵਿੱਚ ਵਿਜੇ ਸਿੰਗਲਾ ਤੋਂ ਪੁੱਛਗਿੱਛ ਕਰ ਰਹੀ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਲਾਨ ਕੀਤਾ ਸੀ ਕਿ ਭ੍ਰਿਸ਼ਟਾਚਾਰ ਖ਼ਿਲਾਫ਼ ਉਨ੍ਹਾਂ ਦੀ ਜ਼ੀਰੋ ਸ਼ਹਿਣਸ਼ੀਲਤਾ ਹੈ।
ਭ੍ਰਿਸ਼ਟਾਚਾਰ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਨਗੇ। ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਭ੍ਰਿਸ਼ਟਾਚਾਰ ਦੇ ਖ਼ਿਲਾਫ਼ ਇਕ ਨੰਬਰ ਵੀ ਜਾਰੀ ਕੀਤਾ ਹੋਇਆ। ਇਸ ਨੰਬਰ ਉਤੇ ਆਈਆਂ ਸ਼ਿਕਾਇਤਾਂ ਉਤੇ ਤੁਰੰਤ ਕਾਰਵਾਈ ਕੀਤੀ ਜਾ ਰਹੀ ਹੈ। ਚਾਹੇ ਉਹ ਅਫਸਰਸ਼ਾਹੀ ਹੋਵੇ ਜਾਂ ਮੰਤਰੀ।