ਦਸੂਹਾ – ਦਸੂਹਾ ਦੇ ਪਿੰਡ ਜਲਾਲਚੱਕ ਵਿਖੇ ਉਸ ਸਮੇਂ ਖ਼ੂਨ ਦੇ ਰਿਸ਼ਤੇ ਤਾਰ-ਤਾਰ ਹੋ ਗਏ,ਜਦੋਂ ਇਥੇ ਇਕ ਪੁੱਤ ਵੱਲੋਂ ਆਪਣੇ ਪਿਓ ‘ਤੇ ਗੋਲ਼ੀ ਚਲਾ ਦਿੱਤੀ ਗਈ। ਦਰਅਸਲ ਪਿੰਡ ਜਲਾਲਚੱਕ ਦੇ ਇਕ ਘਰ ਵਿਚ ਏ. ਸੀ. ਬਦਲਾਉਣ ਦੀ ਮਾਮੂਲੀ ਗੱਲ ਨੂੰ ਲੈ ਕੇ ਹੋਈ ਤਕਰਾਰ ਮਗਰੋਂ ਪੁੱਤਰ ਵੱਲੋਂ ਆਪਣੇ ਪਿਤਾ ‘ਤੇ ਲਾਇਸੈਂਸੀ ਹਥਿਆਰ ਨਾਲ ਗੋਲ਼ੀ ਚਲਾ ਦਿੱਤੀ ਗਈ।ਜਾਣਕਾਰੀ ਦਿੰਦੇ ਹੋਏ ਵੀਰ ਸਿੰਘ ਨੇ ਦਸਿਆ ਕਿ ਬੀਤੀ ਰਾਤ ਉਹ ਆਪਣੇ ਘਰ ਵਿਚ ਮੌਜੂਦ ਸਨ ਤਾਂ ਘਰ ਦੇ ਏ. ਸੀ. ਨੂੰ ਬਦਲਾਉਣ ਨੂੰ ਲੈ ਕੇ ਮੇਰੇ ਅਤੇ ਮੇਰੇ ਪੁੱਤਰ ਅਮਰਜੀਤ ਵਿਚ ਮਾਮੂਲੀ ਤਕਰਾਰ ਹੋ ਗਈ। ਜਿਸ ਨਾਲ ਤੈਸ਼ ਵਿਚ ਆ ਕੇ ਪੁੱਤਰ ਅਮਰਜੀਤ ਸਿੰਘ ਨੇ ਗੋਲ਼ੀ ਚਲਾ ਦਿੱਤੀ। ਅਮਰਜੀਤ ਸਿੰਘ ਜੋਕਿ ਫ਼ੌਜ ਵਿਚੋਂ ਹੈ ਅਤੇ ਸ਼ਰਾਬ ਪੀਣ ਦਾ ਆਦਿ ਵੀ ਹੈ। ਉਸ ਨੇ ਆਪਣੇ ਲਾਇਸੈਂਸੀ ਹਥਿਆਰ ਦੋਨਾਲੀ ਨਾਲ ਵੀਰ ਸਿੰਘ ‘ਤੇ ਗੋਲ਼ੀ ਚਲਾ ਦਿੱਤੀ।
ਜ਼ਖ਼ਮੀ ਹਾਲਤ ਵਿਚ ਵੀਰ ਸਿੰਘ ਨੂੰ ਦਸੂਹਾ ਦੇ ਸਿਵਲ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਹੈ, ਜਿੱਥੋਂ ਉਸ ਨੂੰ ਅੰਮ੍ਰਿਤਸਰ ਦੇ ਹਸਪਤਾਲ ਵਿਖੇ ਰੈਫ਼ਰ ਕਰ ਦਿੱਤਾ ਗਿਆ ਪਰ ਜ਼ਖ਼ਮੀ ਪਿਤਾ ਨੇ ਮੀਡੀਆ ਦੇ ਜ਼ਰੀਏ ਪੁਲਸ ਨੂੰ ਕੋਈ ਵੀ ਕਾਰਵਾਈ ਨਾ ਕਰਨ ਦੀ ਗੱਲ ਕਹੀ। ਦਸੂਹਾ ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਦੋਸ਼ੀ ਅਮਰਜੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਵੱਲੋਂ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।