ਇਸਲਾਮਾਬਾਦ (ਏਐੱਨਆਈ) : ਪਾਕਿਸਤਾਨ ਚੋਣ ਕਮਿਸ਼ਨ (ਈਸੀਪੀ) ਨੇ ਇਮਰਾਨ ਖ਼ਾਨ ਦੀ ਪਾਰਟੀ ਪੀਟੀਆਈ ਨੂੰ ਚਿਤਾਵਨੀ ਦਿੱਤੀ ਹੈ ਕਿ ਅੰਤਰ-ਪਾਰਟੀ ਚੋਣਾਂ ਕਰਵਾਉਣ ’ਚ ਨਾਕਾਮ ਰਹਿਣ ’ਤੇ ਉਸ ਨੂੰ ਭਵਿੱਖ ਲਈ ਚੋਣ ਨਿਸ਼ਾਨ ਲਈ ਅਯੋਗ ਐਲਾਨਿਆ ਜਾ ਸਕਦਾ ਹੈ। ਕਮਿਸ਼ਨ ਨੇ ਬੁੱਧਵਾਰ ਨੂੰ ਪੀਟੀਆਈ ਮੁਖੀ ਇਮਰਾਨ ਨੂੰ ਸੰਮਨ ਜਾਰੀ ਕਰ ਕੇ ਸ਼ੁੱਕਰਵਾਰ ਨੂੰ ਪੇਸ਼ ਹੋਣ ਲਈ ਕਿਹਾ ਹੈ।
ਜਿਓ ਨਿਊਜ਼ ਦੀ ਰਿਪੋਰਟ ਮੁਤਾਬਕ, ਈਸੀਪੀ ਨੇ ਬੁੱਧਵਾਰ ਨੂੰ ਚੋਣ ਐਕਟ, 2017 ਦੀ ਧਾਰਾ 215(5) ਤਹਿਤ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਪਾਰਟੀ ਨੂੰ ਨੋਟਿਸ ਜਾਰੀ ਕੀਤਾ ਹੈ। ਈਸੀਪੀ ਨੇ ਇਸ ਤੋਂ ਪਹਿਲਾਂ ਹਾਲ ਹੀ ’ਚ ਨੋਟਿਸ ਜਾਰੀ ਕਰ ਕੇ ਕਿਹਾ ਸੀ ਕਿ ਪਾਰਟੀ ਸੰਵਿਧਾਨ ਮੁਤਾਬਕ, ਪੀਟੀਆਈ ਅੰਦਰ ਚੋਣ 13 ਜੂਨ, 2021 ਤੋਂ ਪੈਂਡਿੰਗ ਹੈ। ਚੋਣ ਕਮਿਸ਼ਨ ਨੇ ਕਿਹਾ ਕਿ ਪੀਟੀਆਈ ਨੂੰ ਫਾਈਨਲ ਨੋਟਿਸ ਪਿਛਲੇ ਸਾਲ ਮਈ ’ਚ ਦਿੱਤਾ ਗਿਆ ਸੀ ਜਿਸ ’ਚ ਵਧੀ ਹੋਈ ਤਰੀਕ 13 ਜੂਨ, 2022 ਤੱਕ ਚੋਣ ਕਰਵਾਉਣ ਦਾ ਸਮਾਂ ਦਿੱਤਾ ਗਿਆ ਸੀ। ਇਸ ਨੋਟਿਸ ਤੋਂ ਬਾਅਦ ਪੀਟੀਆਈ ਨੇ ਪਾਰਟੀ ’ਚ ਸੋਧ ਦੀ ਕਾਪੀ ਜਮ੍ਹਾਂ ਕੀਤੀ ਸੀ। ਇਸ ਨੂੰ ਕਮਿਸ਼ਨ ਨੇ ਨਾਕਾਫ਼ੀ ਦੱਸਿਆ ਸੀ।