ਬਠਿੰਡਾ- ਸਾਬਕਾ ਕੇਦਰੀ ਮੰਤਰੀ ਤੇ ਬਠਿੰਡਾ ਤੋਂ ਮੈਂਬਰ ਲੋਕ ਸਭਾ ਹਰਸਿਮਰਤ ਕੌਰ ਬਾਦਲ ਨੇ ਇੱਕ ਵਾਰ ਫਿਰ ਪੰਜਾਬ ਦੀ ਕੈਪਟਨ ਸਰਕਾਰ ਤੇ ਕੇਂਦਰ ਦੀ ਮੋਦੀ ਸਰਕਾਰ ਤੇ ਪਲਟਵਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਵੱਲੋਂ ਝੂਠੇ ਵਾਅਦੇ ਕਰਕੇ ਆਪਣੀ ਸਰਕਾਰ ਬਣਾਈ ਸੀ, ਅੱਜ ਹਰ ਵਰਗ ਉਨ੍ਹਾਂ ਤੋਂ ਦੁਖੀ ਹੈ, ਹਰ ਪੱਧਰ ‘ਤੇ ਪੰਜਾਬ ਪਿਛਲੇ ਚਾਰ ਸਾਲਾਂ ’ਚ ਹੇਠਾਂ ਆ ਗਿਆ ਹੈ, ਇਹ ਇਤਿਹਾਸ ’ਚ ਪਹਿਲੀ ਵਾਰ ਹੋਇਆ ਹੈ, ਸੂਬੇ ਦੇ ਲੋਕ ਹੁਣ ਕਾਂਗਰਸ ਦੇ ਰਾਜ ਤੋਂ ਅੱਕ ਚੁੱਕੇ ਹਨ ਤੇ ਉਹ ਬਦਲਾਅ ਚਾਹੁੰਦੇ ਨੇ।ਪੈਟਰੋਲ ਤੇ ਡੀਜ਼ਲ ਦੀਆਂ ਵੱਧ ਰਹੀਆਂ ਕੀਮਤਾਂ ‘ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਕੀਮਤਾਂ ਵਧਣ ਨਾਲ ਹਰ ਇਕ ਵਿਅਕਤੀ ‘ਤੇ ਮਹਿੰਗਾਈ ਦਾ ਵੱਡਾ ਬੋਝ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਕੋਰੋਨਾ ਮਹਾਮਾਰੀ ਕਾਰਨ ਜਿੱਥੇ ਲੋਕਾਂ ਦਾ ਪਹਿਲਾਂ ਹੀ ਕਾਰੋਬਾਰ ਠੱਪ ਸੀ, ਉੱਥੇ ਹੀ ਅੰਤਰਰਾਸ਼ਟਰੀ ਬਾਜ਼ਾਰ ’ਚ ਤੇਲ ਦੀਆਂ ਕੀਮਤਾ ਘਟਣ ਦੇ ਬਾਵਜੂਦ ਕੇਂਦਰ ਤੇ ਸੂਬੇ ਦੀ ਸਰਕਾਰ ਵਲੋਂ 60 ਫੀਸਦੀ ਟੈਕਸ ਲਗਾ ਕੇ ਤੇਲ ਦੀਆਂ ਕੀਮਤਾਂ ਮਹਿੰਗੀਆਂ ਕੀਤੀਆਂ ਜਾ ਰਹੀਆਂ ਹਨ, ਉਨ੍ਹਾਂ ਮੰਗ ਕੀਤੀ ਕਿ ਕੇਂਦਰ ਤੇ ਸੂਬੇ ਦੀ ਸਰਕਾਰ ਵੱਲੋਂ ਪੰਜ-ਪੰਜ ਰੁਪਏ ਰੇਟ ਘਟਾ ਕੇ ਆਮ ਆਦਮੀ ਨੂੰ ਰਾਹਤ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਉਹ ਇਸ ਮੁੱਦੇ ‘ਤੇ ਲੜਾਈ ਲੜਦਿਆਂ ਜੇਕਰ ਉਨ੍ਹਾਂ ਨੂੰ ਵਿਧਾਨ ਸਭਾ ਦਾ ਘਿਰਾਓ ਵੀ ਕਰਨਾ ਪਿਆ ਤਾਂ ਉਹ ਗੁਰੇਜ ਨਹੀਂ ਕਰਨਗੇ।